ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਹਲਕਾ ਲੰਬੀ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਲੈ ਕੇ ਸ਼ਾਮਲ ਹੋਏ। ਸਟੇਜ ਤੋਂ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਭਾਰਤੀ ਇਤਿਹਾਸ ਵਿੱਚ ਇਹ ਦਿਨ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਵੱਖ-ਵੱਖ ਸਿਆਸੀ ਨੁਮਾਇੰਦੇ ਸੰਵਿਧਾਨਕ ਇਮਾਰਤਾਂ ’ਤੇ ਤਿਰੰਗਾ ਲਹਿਰਾ ਕੇ ਆਪਣੀਆਂ ਪਾਰਟੀਆਂ ਵੱਲੋਂ ਕੀਤੇ ਅਖੌਤੀ ਵਿਕਾਸ ਦਾ ਗੁਣਗਾਨ ਕਰਦੇ ਹਨ, ਪਰ ਇਹ ਵਿਕਾਸ ਅਸਲ ਵਿੱਚ ਲੋਕਾਂ ਦਾ ਨਾ ਹੋ ਕੇ ਵੱਡੇ ਕਾਰਪੋਰੇਟਾਂ ਅਤੇ ਸਾਮਰਾਜੀ ਘਰਾਣਿਆਂ ਦੇ ਹਿੱਤ ਵਿੱਚ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਦਿਨ 26 ਜਨਵਰੀ 2021 ਨੂੰ ਦਿੱਲੀ ਅੰਦੋਲਨ ਦੌਰਾਨ ਐਸ ਕੇ ਐਮ ਦੀ ਲੀਡਰਸ਼ਿਪ ਨੇ ਸਰਕਾਰ ਦੀ ਅੰਦੋਲਨ ਫੇਲ੍ਹ ਕਰਨ ਦੀ ਸਾਜ਼ਿਸ਼ ਨਾਕਾਮ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਸੱਤਾਧਾਰੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਵਿਕਾਸ ਮਾਡਲ ਦਾ ਗੁਣਗਾਨ ਕਰਦੇ ਹਨ, ਉੱਥੇ ਹੀ ਕਿਰਤੀ ਲੋਕ ਇਸ ਅਖੌਤੀ ਵਿਕਾਸ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਅਸਲੀਅਤ ਦਿਖਾਉਂਦੇ ਹੋਏ ਲਾਮਬੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 70-75 ਸਾਲਾਂ ਤੋਂ ਸੱਤਾ ਵਿੱਚ ਰਹੀਆਂ ਪਾਰਟੀਆਂ ਆਮ ਲੋਕਾਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕੀਆਂ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਚਰਨਜੀਤ ਸਿੰਘ ਵਣਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਰਨੈਲ ਸਿੰਘ ਪੰਜਾਵਾ, ਬੀਕੇਯੂ ਉਗਰਾਹਾਂ ਦੇ ਮਨੋਹਰ ਸਿੰਘ ਸਿਖਵਾਲਾ, ਹਰਪਾਲ ਕਿਲਿਆਂਵਾਲੀ, ਨਿਸ਼ਾਨ ਕੱਖਾਂ ਵਾਲੀ, ਗੁਰਤੇਜ ਖੁਡੀਆਂ, ਦਲਜੀਤ ਮਿਠੜੀ, ਜਗਸੀਰ ਗੱਗੜ, ਗੁਰਸੇਵਕ ਲੰਬੀ, ਜੋਗਿੰਦਰ ਭੁੱਲਰਵਾਲਾ, ਪਿੱਪਲ ਕੱਖਾਵਾਲੀ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਮਲਕੀਤ ਸਿੰਘ ਗੱਗੜ ਨੇ ਕੀਤਾ।
