ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਾਪਤਾ ਪਾਵਨ ਸਰੂਪਾਂ ਬਾਰੇ ਸੱਚ ਸੰਗਤ ਸਾਹਮਣੇ ਰੱਖਣ ’ਚ ਅਸਫ਼ਲ ਰਹੀ ਹੈ। ਇਸ ਕਾਰਨ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਸਰਕਾਰੀ ਦਖ਼ਲ ਵਧਿਆ ਹੈ। ਅਜਿਹੇ ਦਖ਼ਲ ਨੂੰ ਪੰਥਕ ਇਕਜੁੱਟਤਾ ਹੀ ਰੋਕ ਸਕਦੀ ਹੈ। ਉਹ ਇੱਥੇ ਜਥੇਬੰਦੀ ਦੇ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੇ ਸਨਮਾਨ ’ਚ ਰੱਖੇ ਸਮਾਗਮ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਹਰਿਆਣਾ ਕਮੇਟੀ, ਦਿੱਲੀ ਕਮੇਟੀ ਸਣੇ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਵਿਸ਼ਵ ਪੰਥਕ ਕਨਵੈਨਸ਼ਨ ਬੁਲਾਉਣੀ ਚਾਹੀਦੀ ਹੈ ਤਾਂ ਕਿ ਪੰਥਕ ਮਸਲਿਆਂ ਦੇ ਹੱਲ ਅਤੇ ਸਿੱਖ ਸੰਗਤ ਦੇ ਸਵਾਲਾਂ ਦਾ ਜਵਾਬ ਦੇਣ ਸਣੇ ਇਕਜੁੱਟਤਾ ਬਣਾ ਕੇ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਇਸ ’ਚ ਫੇਲ੍ਹ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਥਕ ਸ਼ਖ਼ਸੀਅਤਾਂ ਨਾਲ ਵਿਚਾਰ ਕਰ ਕੇ ਪੰਥਕ ਮਸਲਿਆਂ ਦੇ ਹੱਲ ਅਤੇ ਇਕਜੁੱਟਤਾ ਲਈ ਅਗਲੀ ਰਣਨੀਤੀ ਅਪਣਾਵੇਗਾ। ਸ੍ਰੀ ਚੰਦੂਮਾਜਰਾ ਨੇ ਗੁਰੂ ਘਰਾਂ ਵਿੱਚ ਮਰਿਆਦਾ ਅਤੇ ਪ੍ਰਬੰਧ ਲਈ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਜੇ ਸ਼੍ਰੋਮਣੀ ਕਮੇਟੀ ਅਤੇ ਬਾਕੀ ਸੰਸਥਾਵਾਂ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਅਕਾਲੀ ਦਲ (ਪੁਨਰ ਸੁਰਜੀਤ) ਕੇਂਦਰ ਅਤੇ ਪੰਜਾਬ ਸਰਕਾਰ ’ਤੇ ਦਬਾਅ ਬਣਾਵੇਗਾ ਕਿ ਸਿੱਖਾਂ ਦੇ ਧਾਰਮਿਕ ਕੰਮਾਂ ਵਿੱਚ ਸਰਕਾਰੀ ਦਖ਼ਲ ਰੋਕਿਆ ਜਾ ਸਕੇ। ਰਣਧੀਰ ਰੱਖੜਾ ਵੱਲੋਂ ਜ਼ਿੰਮੇਵਾਰੀ ਸੰਭਾਲਣ ਮੌਕੇ ਹਰਿੰਦਰਪਾਲ ਚੰਦੂਮਾਜਰਾ, ਕਰਨ ਸਿੰਘ ਡੀ ਟੀ ਓ, ਭੁਪਿੰਦਰ ਸ਼ੇਖੂਪੁਰ, ਜਰਨੈਲ ਕਰਤਾਰਪੁਰ, ਸਤਵਿੰਦਰ ਟੌਹੜਾ, ਸੁਖਬੀਰ ਅਬਲੋਵਾਲ, ਰਵਿੰਦਰ ਸ਼ਾਹਪੁਰ, ਗੁਰਜੰਟ ਨੂਰਖੇੜੀਆਂ, ਮੂਸਾ ਖਾਨ, ਜਸਪਾਲ ਕਲਿਆਣ, ਕੁਲਦੀਪ ਸਰਪੰਚ ਪਿੰਡ ਚੌਰਾ, ਪ੍ਰਗਟ ਬੋਲੜ, ਕੁਲਵਿੰਦਰ ਭੁਨਰਹੇੜੀ, ਹਰਵਿੰਦਰ ਡਡੋਆ, ਗੁਰਜੀਤ ਉੱਪਲੀ, ਗੁਰਚਰਨ ਕੌਲੀ, ਬਲਵਿੰਦਰ ਕਰਹੇੜੀ, ਲਖਵੀਰ ਕਰਨਪੁਰ, ਸਤਨਾਮ ਸੱਤਾ, ਧਰਮਿੰਦਰ ਭੋਜੋਮਾਜਰੀ, ਪਲਵਿੰਦਰ ਰਿੰਕੂ, ਜਸਵਿੰਦਰਪਾਲ ਚੱਢਾ, ਖੁਸ਼ਵੰਤ ਢਿੱਲੋਂ, ਗੁਰਬਾਜ ਪਨੌਦੀਆਂ, ਬਿੰਦਰ ਮਹਿਮੂਦਪੁਰ, ਸੁਖਵਿੰਦਰ ਸਰਪੰਚ ਨੂਰਖੇੜੀਆਂ, ਬਹਾਦਰ ਸਿੰਘ ਟੌਹੜਾ, ਹਰਭਜਨ ਸਿੰਘ ਟੌਹੜਾ, ਬਿੰਦਰ ਬਹਾਦਰਗੜ੍ਹ, ਹਰਵਿੰਦਰ ਜੱਸੋਵਾਲ ਆਦਿ ਹਾਜ਼ਰ ਸਨ।
