ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਵੱਲੋਂ ਅਕਾਲੀ ਦਲ ਦੀ ਹਮਾਇਤ

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਮਿਲੀ ਹੈ। ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਨੇ ਆਉਣ ਵਾਲੀਆਂ ਨਗਰ ਨਿਗਮ ਤੇ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਕੌਮੀ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ ਨੇ ਆਪਣੀ ਕੋਰ ਕਮੇਟੀ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਕਲਿਆਣ ਨੇ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਅਨੁਸੂਚਿਤ ਜਾਤੀਆਂ, ਖ਼ਾਸ ਕਰਕੇ ਵਾਲਮੀਕ ਸਮਾਜ ਦੀ ਭਲਾਈ ਲਈ ਇਤਿਹਾਸਕ ਕਾਰਜ ਕੀਤੇ ਹਨ। ਉਸ ਦਾ ਦੇਣ ਵਾਲਮੀਕ ਸਮਾਜ ਕਦੇ ਨਹੀਂ ਮੋੜ ਸਕਦਾ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਕੋਲੋਂ ਮੰਗ ਕੀਤੀ ਕਿ ਪੰਜਾਬ ਵਿੱਚ ਸਰਕਾਰ ਬਣਨ ’ਤੇ ਮਜਬੀ ਸਿੱਖਾਂ ਦੇ ਸਮਾਜਿਕ ਤੇ ਰਾਜਨੀਤਿਕ ਉਥਾਨ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਸ੍ਰੀ ਬਾਦਲ ਨੇ ਰਾਸ਼ਟਰੀ ਕ੍ਰਾਂਤੀਕਾਰੀ ਪਾਰਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਾਰੇ ਧਰਮਾਂ ਅਤੇ ਵਰਗਾਂ ਦਾ ਸਤਿਕਾਰ ਕਰਦਾ ਆਇਆ ਹੈ। ਰਾਸ਼ਟਰੀ ਕ੍ਰਾਂਤੀ ਪਾਰਟੀ ਵੱਲੋਂ ਮਿਲਿਆ ਇਹ ਸਹਿਯੋਗ ਪਾਰਟੀ ਨੂੰ ਸਮਾਜ ਦੀ ਸੇਵਾ ਦਾ ਹੋਰ ਬਲ ਬਖਸ਼ੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਅਕਾਲੀ ਦਲ ਹਮੇਸ਼ਾ ਇਸ ਸਮਾਜ ਦੀ ਸੇਵਾ ਲਈ ਤਤਪਰ ਰਹੇਗਾ। ਇਸ ਮੌਕੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ, ਰਾਜਿੰਦਰ ਅਟਵਾਲ, ਦੀਪਕ ਘਈ, ਵਿਕਾਸ ਹੰਸ ਅਤੇ ਦੋਵਾਂ ਪਾਰਟੀਆਂ ਦੇ ਹੋਰ ਕਈ ਆਗੂ ਮੌਜੂਦ ਰਹੇ।

Scroll to Top