ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਰਵੱਈਏ ‘ਤੇ ਸਵਾਲ ਚੁੱਕਦੇ ਹਨ। ਉਨ੍ਹਾਂ ਨੇ ਕਮੇਟੀ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਨਿੱਜੀ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਏ ਹਨ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੀ ਸਰਕਾਰੀ ਰਿਹਾਇਸ਼ ਤੋਂ ਸਮਾਨ ਸ਼ਿਫਟ ਕਰ ਰਹੇ ਸਨ ਤਾਂ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਕੋਲੋਂ ਲਿਖਤੀ ਤੌਰ ‘ਤੇ ਸਾਈਨ ਕਰਵਾਏ ਗਏ ਕਿ ਉਨ੍ਹਾਂ ਦਾ ਸਮਾਨ ਬਿਨਾਂ ਚੈੱਕ ਕੀਤੇ ਬਾਹਰ ਨਾ ਜਾਣ ਦਿੱਤਾ ਜਾਵੇ। ਗਿਆਨੀ ਰਘਬੀਰ ਸਿੰਘ ਨੇ ਇਸ ਕਾਰਵਾਈ ਨੂੰ ਬੇਹੱਦ “ਘਟੀਆ ਅਤੇ ਗਿਰੀ ਹੋਈ” ਦੱਸਦਿਆਂ ਕਿਹਾ ਕਿ ਇਕ ਸੇਵਾਦਾਰ ਜੋ ਲੰਬੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹੈ, ਉਸ ਦੇ ਨਿੱਜੀ ਸਮਾਨ ਦੀ ਇਸ ਤਰ੍ਹਾਂ ਤਲਾਸ਼ੀ ਲੈਣੀ ਬਹੁਤ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਤਲਾਸ਼ੀ ਸਿਰਫ ਕਿਸੇ ਗੈਰ-ਕਾਨੂੰਨੀ ਵਸਤੂ ਦੇ ਸ਼ੱਕ ਵਿਚ ਲਈ ਜਾਂਦੀ ਹੈ ਪਰ ਇੱਥੇ ਜਾਣਬੁੱਝ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੀ ਸੇਵਾਮੁਕਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਦੋ ਸਾਲ ਤੋਂ ਵੱਧ ਦਾ ਸੇਵਾ ਕਾਲ ਬਾਕੀ ਸੀ ਪਰ 26 ਫਰਵਰੀ 2026 ਨੂੰ ਉਨ੍ਹਾਂ ਨੂੰ ਜ਼ਬਰੀ ਰਿਟਾਇਰ ਕਰ ਦਿੱਤਾ ਗਿਆ ਜਦਕਿ ਉਹ ਮੈਡੀਕਲ ਛੁੱਟੀ ‘ਤੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ‘ਤੇ ਆਉਣ-ਜਾਣ ਵਾਲੇ ਲੋਕਾਂ ਦੀ ਜਾਸੂਸੀ ਕੀਤੀ ਜਾ ਰਹੀ ਹੈ ਅਤੇ ਕਰਮਚਾਰੀਆਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਕਾਨ ਖਾਲੀ ਕਰਨ ਲਈ ਤਿਆਰ ਹਨ ਪਰ ਨਵੀਂ ਰਿਹਾਇਸ਼ ਦੀ ਮੁਰੰਮਤ ਕਾਰਨ ਉਨ੍ਹਾਂ ਨੇ 10-12 ਦਿਨਾਂ ਦਾ ਹੋਰ ਸਮਾਂ ਮੰਗਿਆ ਸੀ। ਫੰਡਾਂ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ 36 ਸਾਲ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਕੀਤੀ ਹੈ, ਜੇਕਰ ਕਮੇਟੀ ਫੰਡ ਰਿਲੀਜ਼ ਕਰੇਗੀ ਤਾਂ ਠੀਕ ਹੈ, ਨਹੀਂ ਤਾਂ ਉਹ ਗੁਰੂ ਭਰੋਸੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਪ੍ਰਬੰਧ ਵਿਚ ਨੈਤਿਕਤਾ ਅਤੇ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ।
