ਇਥੇ ਮੇਲਾ ਮਾਘੀ ਮੌਕੇ ਪਹਿਲੀ ਵਾਰ ਕਾਨਫਰੰਸ ਕਰਕੇ ਆਪਣੀ ਹੋਂਦ ਸਥਾਪਤ ਕਰ ਰਹੀ ‘ਅੰਮ੍ਰਿਤਪਾਲ ਸਿੰਘ ਟੀਮ’ ਦੀ ਪੰਥਕ ਪਾਰਟੀ ਵੱਲੋਂ ਕਾਨਫਰੰਸ ਦੀ ਸਫਲਤਾ ਲਈ ਟਿੱਲ ਲਾਇਆ ਜਾ ਰਿਹਾ ਹੈ। ਪਹਿਲਾਂ ਇਸ ਪਾਰਟੀ ਦੀ ਕਾਨਫਰੰਸ ਦਾ ਸਥਾਨ ਡੀਸੀ ਦਫਤਰ ਕੋਲ ਸੀ ਪਰ ਮੀਂਹ ਕਾਰਨ ਇੱਥੇ ਪਾਣੀ ਭਰ ਗਿਆ, ਹੁਣ ਇਹ ਕਾਨਫਰੰਸ ਬਠਿੰਡਾ ਰੋਡ ’ਤੇ ਰਿਜ਼ੋਰਟਸ ਵਿਚ ਕੀਤੀ ਜਾਵੇਗੀ। ਇਸ ਕਾਨਫਰੰਸ ਦੀ ਸਫਲਤਾ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਲਾਊਡ ਸਪੀਕਰਾਂ ਰਾਹੀਂ ਮੁਨਿਆਦੀ ਕੀਤੀ ਜਾ ਰਹੀ ਹੈ, ਫਲੈਕਸ ਲਾਏ ਗਏ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਕਾਨਫਰੰਸ ਦੀਆਂ ਤਿਆਰੀਆਂ ਤੇ ਲੋਕਾਂ ਦੀ ਲਾਮਬੰਦੀ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਵੱਲੋਂ ਕਈ ਦਿਨਾਂ ਤੋਂ ਜ਼ੋਰ ਲਾਇਆ ਜਾ ਰਿਹਾ ਹੈ। ਅੱਜ ਇਥੇ ਪੁੱਜੇ ਐੱਮਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਪੰਥ ਅਤੇ ਪੰਜਾਬ ਨੂੰ ਦਰਪੇਸ਼ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਨਵਾਂ ਅਕਾਲੀ ਦਲ ਤੇ ਸਿਆਸੀ ਪਾਰਟੀ ਬਣਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪ੍ਰੀਤਇੰਦਰ ਸਿੰਘ ਸੰਮੇਵਾਲੀ ਨੇ ਦੱਸਿਆ ਕਿ ਇਸ ਵਾਰ ਮੇਲਾ ਮਾਘੀ ਦੀ ਕਾਨਫਰੰਸ ਬਾਅਦ ਦੁਪਹਿਰ ਦੋ ਵਜੇ ਤੱਕ ਸਮਾਪਤ ਕਰ ਦਿੱਤੀ ਜਾਵੇਗੀ।