ਮੁੱਖ ਮੰਤਰੀ ਦੀ ਘੁਰਕੀ ਮਗਰੋਂ ਵੜਿੰਗ ਨੇ ਪਲਟੀ ਮਾਰੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਹੋਈ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੁਰਾਣੇ ਕੇਸ ਦੇ ਉੱਭਰਨ ਦਾ ਐਨਾ ਡਰ ਸੀ ਕਿ ਉਨ੍ਹਾਂ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੀ ਸੀ ਬੀ ਆਈ ਜਾਂਚ ਦੀ ਆਪਣੀ ਪਾਰਟੀ ਵੱਲੋਂ ਕੀਤੀ ਗਈ ਮੰਗ ’ਤੇ ਮੁੱਖ ਮੰਤਰੀ ਦੀ ਇਕ ਝਾੜ ਮਗਰੋਂ ਆਪਣਾ ਰੁਖ਼ ਬਦਲ ਲਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਤੀ ਬੇਨਤੀ ਕੀਤੀ ਕਿ ਡਾ. ਰੰਧਾਵਾ ਦੀ ਮੌਤ ਦੀ ਸੀ ਬੀ ਆਈ ਜਾਂਚ ਹੋਵੇ ਪਰ ਰਾਜਾ ਵੜਿੰਗ ਨੇ ਉਨ੍ਹਾਂ ਦੇ ਸਟੈਂਡ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ਼ ਇਕ ਹੀ ਬਿਆਨ ਦੇਣਾ ਪਿਆ ਕਿ ਵੜਿੰਗ ਤੇ ਉਨ੍ਹਾਂ ਦੇ ਰਿਸ਼ਤੇਦਾਰ ਡਿੰਪੀ ਵਿਨਾਇਕ ਜਿਨ੍ਹਾਂ ਫਰੀਦਕੋਟ ਦੇ ਵਪਾਰੀ ਨੂੰ ਕਥਿਤ ਖ਼ੁਦਕੁਸ਼ੀ ਵਾਸਤੇ ਮਜਬੂਰ ਕੀਤਾ ਸੀ, ਦਾ ਕੇਸ ਵੀ ਸੀ ਬੀ ਆਈ ਜਾਂਚ ਲਈ ਨਹੀਂ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਪਾਰਟੀ ਅਤੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਸੂਬੇ ਨੂੰ ਸ਼ਾਂਤੀ ਤੇ ਤਰੱਕੀ ਵੱਲ ਲਿਜਾਵੇ। ਇਸ ਲਈ ਹੁਣ ਖੇਤਰੀ ਪਾਰਟੀ ਅਕਾਲੀ ਦਲ ’ਤੇ ਭਰੋਸਾ ਕੀਤਾ ਜਾਵੇ ਤਾਂ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਂਦਾ ਜਾ ਸਕੇ। ਇਸ ਮੌਕੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਰਬਾਰਾ ਸਿੰਘ ਗੁਰੂ, ਬਲਜੀਤ ਸਿੰਘ ਭੁੱਟਾ, ਮੱਖਣ ਸਿੰਘ ਲਾਲਕਾ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਆਦਿ ਨੇ ਸੰਬੋਧਨ ਕੀਤਾ।

Scroll to Top