ਮਹਿੰਗਾਈ ਦੀ ਮਾਰ: ਕਾਂਗਰਸ ਵੱਲੋਂ ਬਰਨਾਲਾ ਵਿੱਖੇ ਅਨੋਖਾ ਪ੍ਰਦਰਸ਼ਨ

ਦੇਸ਼ ਵਿੱਚ ਲਗਾਤਾਰ ਵਧ ਰਹੀਆਂ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਦੇ ਸਦਰ ਬਾਜ਼ਾਰ ਵਿੱਚ ਕੇਂਦਰ ਦੀ ਬੀ.ਜੇ.ਪੀ. ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸੀਆਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੱਕ ਖੱਚਰ ਰੇਹੜੇ ‘ਤੇ ਚੜ੍ਹ ਕੇ ਵਿਅੰਗ ਰੂਪ ਵਿੱਚ ਮੋਦੀ ਸਰਕਾਰ ਵਿਰੁੱਧ ਵਧਦੀ ਮਹਿੰਗਾਈ ਨੂੰ ਲੈ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਉੱਪਰ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋ ਰਿਹਾ ਤਾਂ ਕੇਂਦਰ ਸਰਕਾਰ ਬੇਵਜ੍ਹਾ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ। ਅਜਿਹਾ ਕਰਕੇ ਕੇਂਦਰ ਸਰਕਾਰ ਜਿੱਥੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾ ਰਹੀ ਹੈ, ਉੱਥੇ ਦੇਸ਼ ਦੇ ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ (ਆਮ ਆਦਮੀ ਪਾਰਟੀ) ਵੀ ਕੇਂਦਰ ਸਰਕਾਰ ਦਾ ਇਸ ਮਹਿੰਗਾਈ ਵਿੱਚ ਸਾਥ ਦੇਣ ਲੱਗੀ ਹੈ ਅਤੇ ਸੂਬਾ ਸਰਕਾਰ ਆਪਣਾ ਵੈਟ (VAT) ਵੀ ਘੱਟ ਨਹੀਂ ਕਰ ਰਹੀ। ਇਸ ਮੌਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਪੱਤੀ ਸੇਖਵਾਂ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਗੁਰਮੇਲ ਸਿੰਘ ਮੌੜ, ਬਿੱਟੂ ਸ਼ਰਮਾ, ਜਸਵੀਰ ਸਿੰਘ ਖੇੜੀ, ਬਲਵੰਤ ਸ਼ਰਮਾ, ਸੁਖਵਿੰਦਰ ਧਾਲੀਵਾਲ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।

Scroll to Top