ਮਜੀਠੀਆ ’ਤੇ ਦੋਸ਼ ਅਗਲੇ ਸਾਲ ਆਇਦ ਹੋਣਗੇ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ 6 ਜੁਲਾਈ ਤੋਂ ਨਾਭਾ ਦੀ ਨਿਊ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ। ਮਜੀਠੀਆ ’ਤੇ ਅੱਜ ਵੀ ਦੋਸ਼ ਆਇਦ ਨਹੀਂ ਹੋ ਸਕੇ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਆਗਾਮੀ 3 ਜਨਵਰੀ ਨੂੰ ਹੋਵੇਗੀ। ਬਿਕਰਮ ਮਜੀਠੀਆ ਦੇ ਵਕੀਲਾਂ ਨੇ 10 ਦਸੰਬਰ ਦੀ ਪਿਛਲੀ ਪੇਸ਼ੀ ਦੌਰਾਨ ਇੱਕ ਦਰਖਾਸਤ ਦੇ ਕੇ ਮਜੀਠੀਆ ਦੇ ਮਾਮਲੇ ਦੀ ਸੁਣਵਾਈ ਓਪਨ ਕੋਰਟ ਅਤੇ ਲਾਈਵ ਸਟਰੀਮ ਰਾਹੀਂ ਕਰਨ ਦੀ ਮੰਗ ਕੀਤੀ ਸੀ, ਜਿਸ ਸਬੰਧੀ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਨੂੰ 25 ਜੂਨ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਸੀ। ਵਿਜੀਲੈਂਸ ਵੱਲੋਂ ਉਨ੍ਹਾਂ ਖ਼ਿਲਾਫ਼ 40 ਹਜ਼ਾਰ ਪੰਨਿਆਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਮਜੀਠੀਆ ਦੀ ਮੁਹਾਲੀ ਦੀ ਅਦਾਲਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚੋਂ ਵੀ ਜ਼ਮਾਨਤ ਦੀ ਅਰਜ਼ੀ ਖਾਰਜ ਹੋ ਚੁੱਕੀ ਹੈ ਅਤੇ ਮਜੀਠੀਆ ਦੇ ਵਕੀਲਾਂ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿਚ ਜਵਾਬ ਮੰਗਿਆ ਗਿਆ ਹੈ।

Scroll to Top