‘ਬੰਦੀ ਸਿੰਘਾਂ ਦੀ ਰਿਹਾਈ ਤੱਕ ਇਨਸਾਫ਼ ਮੋਰਚਾ ਜਾਰੀ ਰਹੇਗਾ’

ਕੌਮੀ ਇਨਸਾਫ਼ ਮੋਰਚੇ ਦੀ ਇੱਥੇ ਗੁਰਦੁਆਰੇ ਵਿੱਚ ਮੀਟਿੰਗ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਦੀ ਹੱਦ ਉੱਪਰ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਬਾਰੇ ਚਰਚਾ ਹੋਈ। ਇਸ ਦੌਰਾਨ ਮੋਰਚੇ ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਬੁਲਾਰਿਆਂ ਨੇ ਸਰਕਾਰ ਵੱਲੋਂ ਮੋਰਚਾ ਚੁਕਵਾਉਣ ਲਈ ਵਰਤੇ ਜਾ ਰਹੇ ਹਥਕੰਡਿਆਂ ਦੀ ਨਿਖੇਧੀ ਕੀਤੀ ਅਤੇ ਸੰਗਤ ਨੂੰ ਇਸ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ। ਅਗਲੇ ਮਹੀਨੇ ਚੰਡੀਗੜ੍ਹ ਵਿੱਚ ਪੰਥਕ ਕਨਵੈਨਸ਼ਨ ਬੁਲਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਤੋਂ 101 ਸਿੰਘਾਂ ਦਾ ਜਥਾ ਕਾਲੇ ਚੋਲੇ ਪਾ ਕੇ ਖ਼ੁਦ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਸੰਸਦ ਤੱਕ ਮਾਰਚ ਕਰੇਗਾ। ਮੀਟਿੰਗ ਉਪਰੰਤ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਸਰਕਾਰਾਂ ’ਤੇ ਪੱਖ-ਪਾਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੂੰ 14 ਸਾਲਾਂ ਤੋਂ ਜੇਲ੍ਹ ਦੀ ਫਾਂਸੀ ਵਾਲੀ ਕੋਠੜੀ ਵਿੱਚ ਬੰਦ ਰੱਖਿਆ ਗਿਆ। ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਿਮਾਰ ਮਾਂ ਨੂੰ ਮਿਲਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਵਿੱਚ ਜਾਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਜਾ ਰਹੇ। ਉਨ੍ਹਾਂ ਜਥੇਬੰਦੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਵਿੱਚ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ, ਕਨਵੀਨਰ ਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਦਰਸ਼ਨ ਸਿੰਘ ਸੰਧੂ, ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਫ਼ਿਰੋਜ਼ਪੁਰ, ਬਲਜੀਤ ਸਿੰਘ ਭਾਊ, ਇਕਬਾਲ ਸਿੰਘ ਦਿੱਲੀ, ਪਾਲ ਸਿੰਘ ਘੜੂੰਆਂ, ਜੀਤ ਸਿੰਘ ਔਲਖ, ਹਰਪਾਲ ਸਿੰਘ ਕਰਨਾਲ, ਜਸਵੰਤ ਸਿੰਘ ਸੁਨਾਮ, ਪਰਵਿੰਦਰ ਸਿੰਘ ਮਲੋਆ, ਹਰਿੰਦਰ ਸਿੰਘ ਚਰਨਾਥਲ ਤੇ ਰਣਜੀਤ ਸਿੰਘ ਟਿਵਾਣਾ ਹਾਜ਼ਰ ਸਨ।

Scroll to Top