ਬੇਰੁਜ਼ਗਾਰ ਅਧਿਆਪਕ ਰੋਕਾਂ ਤੋੜ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਨੇੜੇ ਪੁੱਜੇ

ਬੈਰੀਕੇਡ ਤੋੜਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਨੇੜੇ ਪਹੁੰਚੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਅੱਜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਬੇਰੁਜ਼ਗਾਰ ਅਧਿਆਪਕ ਪਹਿਲਾਂ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਨੇੜੇ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਆਪਣੀ ਜੁਆਇਨਿੰਗ ਦੀ ਮੰਗ ਸਬੰਧੀ ਧਰਨੇ ’ਤੇ ਬੈਠੇ ਸਨ ਪਰ ਅੱਜ ਇਨ੍ਹਾਂ ਨੇ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜਦਿਆਂ ਸਿੱਖਿਆ ਮੰਤਰੀ ਦੇ ਪਿੰਡ ਵੱਲ ਰੁਖ ਕੀਤਾ ਅਤੇ ਮੰਤਰੀ ਦੇ ਘਰ ਨੇੜੇ ਧਰਨੇ ’ਤੇ ਬੈਠ ਗਏ। ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ, ਬੰਟੀ ਕੰਬੋਜ ਤੇ ਕੁਲਵਿੰਦਰ ਬਰੇਟਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ 28 ਅਗਸਤ ਨੂੰ ਸੂਬਾ ਕਮੇਟੀ ਮੈਂਬਰਾਂ ਨਾਲ ਮੀਟਿੰਗ ਦੌਰਾਨ 30 ਅਗਸਤ ਨੂੰ ਨਿਯੁਕਤੀਆਂ ਬਾਰੇ ਪ੍ਰੋਵਿਜ਼ਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਨੇ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ ਕਾਰਨ ਈਟੀਟੀ 5994 ਉਮੀਦਵਾਰਾਂ ਨੇ ਅੱਜ ਦੁਪਹਿਰ 1 ਵਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਵੱਲ ਕੂਚ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਬੈਰੀਕੇਡ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਗੰਭੀਰਪੁਰ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਬੈਰੀਕੇਡ ਤੋੜਦਿਆਂ ਪਿੰਡ ਵਿੱਚ ਜਾ ਪੁੱਜੇ ਅਤੇ ਉੱਥੇ ਜਾ ਕੇ ਧਰਨਾ ਲਾ ਦਿੱਤਾ। ਉਨ੍ਹਾਂ ਤੁਰੰਤ ਪ੍ਰੋਵਿਜ਼ਨਲ ਲਿਸਟਾਂ ਅਤੇ ਸਿਲੈਕਸ਼ਨ ਲਿਸਟਾਂ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Scroll to Top