ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਨੇੜੇ ਧਰਨਾ

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਜੱਦੀ ਪਿੰਡ ਗੰਭੀਰਪੁਰ ਦੇ ਨਜ਼ਦੀਕ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਅੱਜ ਬੇਰੁਜ਼ਗਾਰ 5994 ਈਟੀਟੀ ਅਧਿਆਪਕਾਂ ਅਤੇ ਬੇਰੁਜ਼ਗਾਰ ਟੈੱਟ ਪਾਸ ਆਰਟ ਐਂਡ ਕਰਾਫਟ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਈਟੀਟੀ ਕਾਡਰ ਦੇ ਬੇਰੁਜ਼ਗਾਰਾਂ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ ਪ੍ਰੀਖਿਆ ਦਾ ਨਤੀਜਾ ਬੇਸ਼ੱਕ ਐਲਾਨਿਆ ਜਾ ਚੁੱਕਾ ਹੈ ਪ੍ਰੰਤੂ ਹੁਣ ਵੀ ਸਰਕਾਰ ਉਨ੍ਹਾਂ ਨੂੰ ਨੌਕਰੀ ’ਤੇ ਜੁਆਇਨ ਕਰਾਉਣ ਲਈ ਤਿਆਰ ਨਹੀਂ। ਇਹੀ ਕਾਰਨ ਹੈ ਕਿ ਅੱਜ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ ’ਤੇ ਆਉਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਨੌਕਰੀ ’ਤੇ ਜੁਆਇਨ ਕਰਵਾਏ ਅਤੇ ਇਸ ਭਰਤੀ ਪ੍ਰਕਿਰਿਆ ਨੂੰ ਪੂਰਾ ਕਰੇ। ਦੂਜੇ ਪਾਸੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਟੈੱਟ ਪਾਸ ਸੰਘਰਸ਼ ਕਮੇਟੀ ਨਾਲ ਸਬੰਧਤ ਅਧਿਆਪਕਾਂ ਨੇ ਵੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਤੋਂ ਸੂਬੇ ਅੰਦਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਗਈ ਤੇ ਇਹ ਸਰਕਾਰ ਵੀ ਟਾਲਮਟੋਲ ਵਾਲਾ ਰਵੱਈਆ ਅਪਣਾ ਰਹੀ। ਬੇਰੁਜ਼ਗਾਰ ਅਧਿਆਪਕਾਂ ਨੇ ਸ੍ਰੀ ਆਨੰਦਪੁਰ ਸਾਹਿਬ- ਨੰਗਲ ਹਾਈਵੇਅ ’ਤੇ ਆਵਾਜਾਈ ਠੱਪ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਮੌਕੇ ’ਤੇ ਪੁੱਜੇ ਪੁਲੀਸ ਮੁਲਜ਼ਮਾਂ ਨੇ ਉਨ੍ਹਾਂ ਨੂੰ ਸੜਕ ਤੋਂ ਪਾਸੇ ਬਿਠਾ ਦਿੱਤਾ।

Scroll to Top