ਕੇਂਦਰ ਸਰਕਾਰ ਤੋਂ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ਼ ਦੀ ਸਿਹਤ ਕਮਜ਼ੋਰ ਹੁੰਦੀ ਜਾ ਰਹੀ ਹੈ। ਮਰਨ ਵਰਤ ਦੇ 52 ਦਿਨਾਂ ’ਚ ਉਨ੍ਹਾਂ ਦਾ 20 ਕਿਲੋ 550 ਗ੍ਰਾਮ ਵਜ਼ਨ ਘਟ ਗਿਆ ਹੈ। ਉਧਰ, ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ਼ ਮਾਮਲੇ ’ਤੇ ਅੱਜ ਸੁਪਰੀਮ ਕੋਰਟ ’ਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ’ਤੇ ਕਿਸਾਨ ਆਗੂ ਦੀ ਸਿਹਤ ’ਚ ਸੁਧਾਰ ਦਾ ਦਾਅਵਾ ਕਰਦਿਆਂ ਨਾ ਸਿਰਫ਼ ਗ਼ਲਤ ਬਿਆਨੀ ਕੀਤੀ ਹੈ, ਬਲਕਿ ਇਹ ਅਦਾਲਤ ਨੂੰ ਗੁੰਮਰਾਹ ਕਰਨ ਦਾ ਮਾਮਲਾ ਵੀ ਹੈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਨੇ ਮੰਗ ਕੀਤੀ ਕਿ ਜਿਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ’ਚ ਸ੍ਰੀ ਡੱਲੇਵਾਲ ਨੂੰ ਤੰਦਰੁਸਤ ਕਿਹਾ ਹੈ, ਉਹ ਜਨਤਕ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 23.59 ਫ਼ੀਸਦੀ ਭਾਰ ਘਟਿਆ ਹੈ। ਕੁਝ ਦਿਨਾਂ ਤੋਂ ਉਨ੍ਹਾਂ ਨੂੰ ਪਾਣੀ ਪੀਣ ’ਤੇ ਵੀ ਉਲਟੀ ਆ ਜਾਂਦੀ ਹੈ ਤੇ ਦੂਜੇ ਪਾਸੇ ਸੂਬਾ ਸਰਕਾਰ ਸਿਹਤ ’ਚ ਸੁਧਾਰ ਦੀਆਂ ਦਲੀਲਾਂ ਦੇ ਰਹੀ ਹੈ। ਸ੍ਰੀ ਕੋਹਾੜ ਨੇ ਕਿਹਾ ਕਿ ਜੇ ਮਰਨ ਵਰਤ ਨਾਲ ਸਿਹਤ ’ਚ ਸੁਧਾਰ ਆਉਂਦਾ ਹੈ ਤਾਂ ਫਿਰ ਸਰਕਾਰ ਹਸਪਤਾਲ ਖੋਲ੍ਹਣ ਦੀ ਥਾਂ ਮਰੀਜ਼ਾਂ ਨੂੰ ਵੀ ਮਰਨ ਵਰਤ ’ਤੇ ਬਿਠਾ ਕੇ ਹਾਲਤ ਸੁਧਾਰ ਲਿਆ ਕਰੇ। ਕਿਸਾਨ ਆਗੂ ਸੁਖਜੀਤ ਹਰਦਝੰਡੇ ਤੇ ਦਿਲਬਾਗ ਹਰੀਗੜ੍ਹ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਕਰ ਕੇ ਡੱਲੇਵਾਲ਼ ਦੀ ਜਾਨ ਹੋਰ ਖ਼ਤਰੇ ’ਚ ਪਾ ਦਿੱਤੀ ਹੈ।