ਭਾਈ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਗਈ ਕਾਨਫਰੰਸ ਦੌਰਾਨ ਸਟੇਜ ਤੋਂ 15 ਨੁਕਾਤੀ ਮਤਾ ਪਾਸ ਕਰਦਿਆਂ ਨਵੀਂ ਸੂਬਾਈ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਬਣਾਉਣ ਦਾ ਐਲਾਨ ਕੀਤਾ ਗਿਆ। ਇਹ ਕਾਨਫਰੰਸ ਬਠਿੰਡਾ ਰੋਡ ਉਪਰ ਰਿਜ਼ੋਰਟਸ ’ਚ ਹੋਈ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਸਟੇਜ ਤੋਂ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ’ਚ ਬੰਦ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਗਤ ਲਈ ਭੇਜਿਆ ਗਿਆ ਸੁਨੇਹਾ ਵੀ ਸਟੇਜ ਤੋਂ ਪੜ੍ਹਿਆ ਗਿਆ। ਇਸ ਮੌਕੇ ਪਾਸ ਮਤੇ ਅਨੁਸਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪਾਰਟੀ ਦਾ ਮੁੱਖ ਸੇਵਾਦਾਰ ਬਣਾਇਆ ਗਿਆ। ਪਾਰਟੀ ਦੇ ਸੂਥਾਈ ਪ੍ਰਧਾਨ ਦੀ ਚੋਣ ਤੱਕ ਪੰਜ ਮੈਂਬਰ ਕਾਰਜਕਾਰੀ ਕਮੇਟੀ ਬਣਾਈ ਗਈ, ਜਿਸ ਵਿੱਚ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਦੇ ਪਿਤਾ), ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਨਵੀਂ ਭਰਤੀ ਲਈ ਸੱਤ ਮੈਂਬਰ ਕਮੇਟੀ ਬਣਾਈ ਗਈ। ਪਾਰਟੀ ਦਾ ਸੰਵਿਧਾਨ ਤੇ ਏਜੰਡਾ ਬਣਾਉਣ ਲਈ ਪੰਜ ਮੈਂਬਰੀ ਕਮੇਟੀ ਬਣਾਈ ਜੋ ਵਿਸਾਖੀ ਤੱਕ ਮਾਹਿਰਾਂ ਦੀ ਸਲਾਹ ਨਾਲ ਸੰਵਿਧਾਨ ਬਣਾਵੇਗੀ। ਹੋਰ ਨੁਕਤਿਆਂ ’ਚ ਅਕਾਲ ਤਖਤ ਦੇ ਮੀਰੀ-ਪੀਰੀ ਸਿਧਾਂਤ ਦੀ ਰਾਖੀ ਕਰਨੀ, ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ, ਨਸਲਾਂ ਤੇ ਫਸਲਾਂ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ, ਆਨੰਦਪੁਰ ਸਾਹਿਬ ਮਤੇ ਦੀ ਵਾਪਸੀ, ਵਿਦਿਅਕ ਢਾਂਚੇ ਵਿੱਚ ਗੈਰ ਪੰਜਾਬੀ ਲੋਕਾਂ ਦੇ ਦਖਲ ਨੂੰ ਰੋਕਣ ਅਤੇ ਪੰਜਾਬ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ, ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਹੋ ਰਹੇ ਪਰਵਾਸ ਤੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ, ਬੇਅਦਬੀਆਂ ਕਰਕੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੇ ਮਤੇ ਸ਼ਾਮਲ ਹਨ।
2 thoughts on “ਪੰਥਕ ਮੁੱਦਿਆਂ ਦੁਆਲੇ ਘੁੰਮਦੀਆਂ ਰਹੀਆਂ ਮਾਘੀ ਮੇਲੇ ਦੀਆਂ ਕਾਨਫਰੰਸਾਂ”
Comments are closed.

Pingback: easily money method
Pingback: Rose Cinema