ਪੰਜਾਬ ਸਰਕਾਰ ਵਿਰੁੱਧ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝਾ ਪ੍ਰਦਰਸ਼ਨ 

ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਬੇਰੁਜ਼ਗਾਰਾਂ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੀਆਂ ਸਾਂਝੀਆਂ ਜਥੇਬੰਦੀਆਂ ਦੇ ਸੱਦੇ ਉੱਤੇ ਅੱਜ ਮੁਹਾਲੀ ਵਿਖੇ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਬ ਸਾਹਿਬ ਦੇ ਨੇੜੇ ਕੀਤੇ ਰੋਸ ਪ੍ਰਦਰਸ਼ਨ ਨੂੰ ਮੁਲਾਜ਼ਮਾ ਦੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਵਿਰੋਧੀ ਸਰਕਾਰ ਹੈ, ਜਿਸ ਨੇ ਪਿਛਲੇ ਚਾਰ ਸਾਲ ਦੌਰਾਨ ਮੁਲਾਜ਼ਮਾਂ ਨੂੰ ਡੀ ਏ ਅਤੇ ਹੋਰ ਵੱਖ-ਵੱਖ ਕਿਸ਼ਤਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਉਹ ਹੁਣ ਆਰ-ਪਾਰ ਦੀ ਲੜਾਈ ਲੜਨਗੇ ਅਤੇ ਪਿਛਲੇ ਚਾਰ ਵਰ੍ਹਿਆਂ ਤੋਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਇਨਸਾਫੀ ਵਿਰੁੱਧ ਵੱਡਾ ਅੰਦੋਲਨ ਵਿੱਢਣਗੇ। ਮੁਹਾਲੀ ਵਿਖੇ ਪ੍ਰਦਰਸ਼ਨ ਕਰਨ ਤੋਂ ਬਾਅਦ ਸਮੁੱਚੇ ਧਰਨਾਕਾਰੀ ਚੰਡੀਗੜ੍ਹ ਵੱਲ ਰਵਾਨਾ ਹੋਏ। ਚੰਡੀਗੜ੍ਹ ਦੀ ਸਰਹੱਦ ਉੱਤੇ ਧਰਨਾਕਾਰੀਆਂ ਤੇ ਪੁਲੀਸ ਦਰਮਿਆਨ ਟਕਰਾਅ ਪੈਦਾ ਹੋਇਆ। ਧਰਨਾਕਾਰੀਆਂ ਵੱਲੋਂ ਜਦੋਂ ਪੁਲੀਸ ਵੱਲੋਂ ਲਾਏ ਗਏ ਬੈਰੀਕੇਟਾਂ ਨੂੰ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਚੰਡੀਗੜ੍ਹ ਪੁਲੀਸ ਨੇ ਜ਼ੋਰਦਾਰ ਪਾਣੀ ਦੀਆਂ ਬੁਛਾੜਾਂ ਮਾਰ ਕੇ ਧਰਨਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਧਰਨਾਕਾਰੀਆਂ ਨੇ ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਜਲਦੀ ਹੀ ਅਗਲਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਚੰਡੀਗੜ੍ਹ ਪੁਲੀਸ ਦੀ ਸਖਤ ਘੇਰਾਬੰਦੀ ਕਾਰਨ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਪਹੁੰਚੇ ਹੋਏ ਧਰਨਾਕਾਰੀਆਂ ਨੂੰ ਚੰਡੀਗੜ੍ਹ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ।

Scroll to Top