ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਤੇਲ ਅਤੇ ਗੈਸ ਸਬੰਧੀ ਫੈਲੀ ਦਹਿਸ਼ਤ ਲਈ ਸਿੱਧੇ ਤੌਰ ਉੱਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗਲਤ ਪ੍ਰਚਾਰ ਕਾਰਨ ਹੀ ਅਫ਼ਵਾਹਾਂ ਫੈਲੀਆਂ ਹਨ। ਇਸੇ ਸਰਕਾਰ ਨੇ ਪਹਿਲਾਂ ਪੰਜਾਬ ਵਿਧਾਨ ਸਭਾ ਅੰਦਰ ਕੇਂਦਰ ਸਰਕਾਰ ਖਿਲਾਫ਼ ਤੇਲ ਅਤੇ ਗੈਸ ਸਿਲੰਡਰ ਦੀ ਕਿੱਲਤ ਬਾਰੇ ਮਤਾ ਪਾਸ ਕੀਤਾ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਨ ਰਹੇ ਹਨ ਕਿ ਸੂਬੇ ਅੰਦਰ ਤੇਲ ਤੇ ਗੈਸ ਦੀ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਗਲੇ ਸੈਸ਼ਨ ਵਿੱਚ ਆਪਣਾ ਪਿਛਲਾ ਨਿੰਦਾ ਮਤਾ ਵਾਪਸ ਲਵੇ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ, ਕਿਉਂਕਿ ਉਨ੍ਹਾਂ ਦੀ ਬਿਆਨਬਾਜ਼ੀ ਕਾਰਨ ਹੀ ਅਜਿਹਾ ਮਾਹੌਲ ਬਣਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਮਜ਼ਬੂਤ ਵਿਦੇਸ਼ ਅਤੇ ਵਪਾਰ ਨੀਤੀ ਸਦਕਾ ਦੇਸ਼ ਵਿੱਚ ਕੱਚੇ ਤੇਲ ਅਤੇ ਗੈਸ ਦੀ ਸਪਲਾਈ ਲਗਾਤਾਰ ਜਾਰੀ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਕੋਲ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਹੀ ਰਿਜ਼ਰਵ ਭੰਡਾਰ ਮੌਜੂਦ ਹਨ।
