ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕਰਨ ’ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ’ਚ ਭਾਜਪਾ ਖ਼ਿਲਾਫ਼ ਰੋਹ ਹੋਰ ਵਧ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬੇ ’ਚ ਡੇਢ ਦਰਜਨ ਥਾਵਾਂ ’ਤੇ ਕੇਂਦਰ ਸਰਕਾਰ ਅਤੇ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਤੇ ਬਿਆਨ ਦੀ ਨਿਖੇਧੀ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀ ਨੇ ਭਲਕੇ 11 ਨਵੰਬਰ ਨੂੰ ਪੰਜਾਬ ਭਰ ’ਚ ਰਵਨੀਤ ਬਿੱਟੂ ਤੇ ਕੇਂਦਰ ਵਿਰੁੱਧ ਰੋਸ ਮੁਜ਼ਾਹਰੇ ਕਰ ਕੇ ਪੁਤਲੇ ਸਾੜਨ ਦਾ ਐਲਾਨ ਵੀ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਭਾਜਪਾ ਤੇ ਆਰਐੱਸਐੱਸ ਦੇ ਇਸ਼ਾਰੇ ’ਤੇ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਗਈ ਹੈ ਤੇ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਥਾਂ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸੇਵਾਮੁਕਤ ਅਫ਼ਸਰਾਂ ਦੀ ਸੰਪਤੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਜੱਜ ਅਧੀਨ ਕਮੇਟੀ ਬਣਾ ਕੇ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਲਾਹ ਕਰ ਕੇ ਦੇਸ਼ ’ਚ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ, 2000 ਤੋਂ ਲੈ ਕੇ 2015 ਤੱਕ ਫਸਲਾਂ ਦੇ ਭਾਅ ’ਚ 45 ਲੱਖ ਕਰੋੜ ਦੇ ਪਏ ਘਾਟੇ ਅਤੇ ਨਸ਼ੇ ਕਾਰਨ ਮੌਤਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ’ਚ ਰਵਨੀਤ ਬਿੱਟੂ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼ੰਭੂ ਬਾਰਡਰ (ਪਟਿਆਲਾ) (ਸਰਬਜੀਤ ਸਿੰਘ ਭੰਗੂ): ਪੰਜਾਬ ਤੇ ਹਰਿਆਣਾ ਦੀ ਹੱਦ ਸ਼ੰਭੂ ਬਾਰਡਰ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਮਨਜੀਤ ਸਿੰਘ ਨਿਆਲ, ਮਨਜੀਤ ਸਿੰਘ ਘੁਮਾਣਾ, ਮਨਜੀਤ ਸਿੰਘ ਰਾਏ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿੰਘ ਸਿਉਣਾ ਨੇ ਕਿਹਾ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਬਿੱਟੂ ਕਿਸਾਨ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਅਜਿਹੀ ਬਿਆਨਬਾਜ਼ੀ ਸਿਰਫ਼ ਕੁਰਸੀ ਖਾਤਰ ਕੀਤੀ ਗਈ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਬਿੱਟੂ ਅਜਿਹੇ ਬਿਆਨ ਦੇ ਕੇ ਭਾਜਪਾ ਨੂੰ ਖੁਸ਼ ਕਰ ਰਹੇ ਹਨ। ਕਿਸਾਨ ਆਗੂਆਂ ਨੇ ਬਿੱਟੂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿੱਟੂ ਇਸੇ ਤਰ੍ਹਾਂ ਬਿਆਨਬਾਜ਼ੀ ਕਰਦੇ ਰਹੇ ਤਾਂ ਉਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।