ਪੰਜਾਬ ਦੇ ਮੌਜੂਦਾ ਹੜ੍ਹ ਵਾਲੇ ਹਾਲਾਤਾਂ ਲਈ ਸੂਬਾ ਸਰਕਾਰ ਜ਼ਿੰਮੇਵਾਰ : ਸੁਖਬੀਰ ਬਾਦਲ

ਪੰਜਾਬ ਦੀ ਸੂਬਾ ਸਰਕਾਰ ਦੀ ਹਰ ਖੇਤਰ ਵਿੱਚ ਨਾਕਾਮੀ ਕਰਕੇ ਅੱਜ ਪੰਜਾਬ ਵਾਸੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਾਂਡਾ ਦੇ ਬਿਆਸ ਦਰਿਆ ਦੇ ਪੁਲ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ, ਰਾਜਨਵੀਰ ਸਿੰਘ ਘੁਮਾਣ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ, ਲਖਵਿੰਦਰ ਸਿੰਘ ਟਿੰਮੀ, ਕਿਰਪਾਲ ਸਿੰਘ ਗੇਰਾ ਅਤੇ ਹੋਰ ਲੀਡਰਸ਼ਿਪ ਵੀ ਮੌਜੂਦ ਸੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਸਮੇਂ ਸਿਰ ਪੁਲੀਆਂ ਅਤੇ ਡਰਨੇਜ਼ ਦੀ ਸਫਾਈ ਕੀਤੀ ਹੁੰਦੀ ਤਾਂ ਅੱਜ ਪੰਜਾਬ ਵਾਸੀਆਂ ਨੂੰ ਇਹ ਹਾਲਾਤ ਨਹੀਂ ਦੇਖਣੇ ਪੈਣੇ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਔਸਤਨ ਤੋਂ ਹੋਈ ਬਾਰਿਸ਼ ਕਰਕੇ ਅਤੇ ਸਰਕਾਰ ਦੀਆਂ ਨਾਕਾਮੀਆਂ ਕਰਕੇ ਅੱਜ ਪੰਜਾਬ ਦੇ ਵਾਸੀ ਹੜ੍ਹਾਂ ਵਿੱਚ ਘਿਰੇ ਹੋਏ ਹਨ ਅਤੇ ਸਮੁੱਚੇ ਪੰਜਾਬ ਦੇ ਬਹੁਤ ਮਾੜੇ ਹਾਲਾਤ ਹਨ। ਇਸ ਮੌਕੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਹੀ ਕੋਈ ਨੁਕਸਾਨ ਦੀ ਗਿਰਦਾਵਰੀ ਕਰਕੇ ਪੰਜਾਬ ਵਾਸੀਆਂ ਨੂੰ ਵਿਸ਼ੇਸ਼ ਰਾਹਤ ਪੈਕ ਵਿੱਚ ਦਿੱਤੇ ਜਾਣ ਤਾਂ ਜੋ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਇਸ ਮੌਕੇ ਉਹਨਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਵਿੱਚ ਸਮੁੱਚੇ ਪੰਜਾਬ ਦੇ ਨਾਲ ਖੜ੍ਹਾ ਹੈ ਅਤੇ ਉਹ ਖੁਦ ਦਿਨ-ਰਾਤ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਯਤਨ ਕਰ ਰਹੇ ਹਨ।

Scroll to Top