ਪਾਣੀਆਂ ਦੇ ਮਸਲੇ ’ਤੇ ਪੰਜਾਬ ਨਾਲ ਧੱਕਾ ਨਾ ਕਰਨ ਸਰਕਾਰਾਂ: ਗੜਗੱਜ

ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਚੱਲ ਰਹੇ ਵਿਵਾਦ ਬਾਰੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਰਿਪੇਰੀਅਨ ਕਾਨੂੰਨ ਮੁਤਾਬਕ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਹੱਕ ਹੈ ਅਤੇ ਇਸ ਮਾਮਲੇ ਵਿੱਚ ਸਰਕਾਰਾਂ ਵੱਲੋਂ ਪੰਜਾਬ ਨਾਲ ਧੱਕਾ ਨਹੀਂ ਕੀਤਾ ਜਾਣਾ ਚਾਹੀਦਾ। ਅੱਜ ਇੱਥੇ ਅਕਾਲ ਤਖ਼ਤ ਦੇ ਬਾਹਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਦਾ ਮੁੱਦਾ ਪੀਣ ਵਾਲੇ ਪਾਣੀ ਦਾ ਮਾਮਲਾ ਨਹੀਂ ਹੈ। ਜੇ ਪੀਣ ਵਾਲੇ ਪਾਣੀ ਦਾ ਮਾਮਲਾ ਹੈ ਤਾਂ ਪਹਿਲਾਂ ਹੀ ਵਾਧੂ ਪਾਣੀ ਜਾ ਰਿਹਾ ਹੈ ਜੋ ਦੇਸ਼ ਦੀ ਲੋੜ ਨੂੰ ਪੂਰਾ ਕਰ ਸਕਦਾ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਕੋਲੋਂ ਪਾਣੀ ਲੈ ਕੇ ਪੰਜਾਬ ਨੂੰ ਬੰਜਰ ਕਰ ਦਿੱਤਾ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਿਪੇਰੀਅਨ ਕਾਨੂੰਨ ਮੁਤਾਬਕ ਹੱਲ ਹੋਣਾ ਚਾਹੀਦਾ ਹੈ। ਸਰਹੱਦ ’ਤੇ ਤਣਾਅ ਵਾਲੇ ਮਾਹੌਲ ਸਬੰਧੀ ਉਨ੍ਹਾਂ ਕਿਹਾ, ‘‘ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ।’’

Scroll to Top