ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵੱਲੋਂ ਅਹੁਦੇ ਤੋਂ ਉਤਾਰੇ ਜਥੇਦਾਰਾਂ ਨੂੰ ਮੁੜ ਬਹਾਲ ਕਰਨ ਦੀ ਮੰਗ

ਕੌਮੀ ਤਿਉਹਾਰ ਹੋਲਾ-ਮਹੱਲਾ ਮਗਰੋਂ ਅੱਜ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਸ਼ਹੀਦੀ ਬਾਗ਼ ਵਿੱਚ ਵਿਸ਼ੇਸ਼ ਇਕੱਤਰਤਾ ਕੀਤੀ ਤੇ ਪੰਥਕ ਮਸਲੇ ਵਿਚਾਰਨ ਉਪਰੰਤ ਗੁਰਮਤੇ ਕੀਤੇ ਗਏ। ਪੱਤਰਕਾਰਾਂ ਨਾਲ ਗੱਲ ਕਰਦਿਆਂ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਐਗਜੈਕਟਿਵ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ 2 ਦਸੰਬਰ ਦੇ ਫੈਸਲਿਆਂ ਮਗਰੋਂ ਹਟਾਉਣਾ ਬਿਲਕੁਲ ਵੀ ਜ਼ਾਇਜ ਨਹੀਂ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਲਗਾਉਣ ਅਤੇ ਹਟਾਉਣ ਲਈ ਇੱਕ ਵਿਧੀ ਵਿਧਾਨ ਅਨੁਸਾਰ ਅਤੇ ਸਮੂਹ ਦਲਾਂ ਪੰਥਾਂ ਨੂੰ ਨਾਲ ਲੈ ਕੇ ਫ਼ੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਲਿਆ ਗਿਆ ਫੈਸਲਾ ਨਿਹੰਗ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰ ਗਏ ਅਤੇ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ’ਤੇ ਮੁੜ ਬਹਾਲ ਕਰੇ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਗੜਗੱਜ ਨੂੰ ਬਤੌਰ ਜਥੇਦਾਰ ਕੌਮ ਨੇ ਪ੍ਰਵਾਨ ਨਹੀਂ ਕੀਤਾ ਤੇ ਨਿਹੰਗ ਸਿੰਘ ਫੌਜਾਂ ਨਾ ਉਨ੍ਹਾਂ ਦੇ ਪ੍ਰੋਗਰਾਮ ’ਚ ਜਾਣਗੀਆਂ ਤੇ ਨਾ ਉਨ੍ਹਾਂ ਨੂੰ ਆਪਣੇ ਕਿਸੇ ਪ੍ਰੋਗਰਾਮ ਲਈ ਸੱਦਾ ਦੇਣਗੀਆਂ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮਰਿਆਦਾ ’ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਕਿਸੇ ਵੀ ਜਥੇਦਾਰ ਨੂੰ ਲਗਾਉਣ ਅਤੇ ਹਟਾਉਣ ਤੋਂ ਪਹਿਲਾਂ ਸਮੂਹ ਪੰਥਕ ਧਿਰਾਂ ਨਾਲ ਵਿਚਾਰ-ਵਟਂਦਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਦਾ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਵੈਰ ਵਿਰੋਧ ਨਹੀਂ ਸਗੋਂ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਹਨ। ਇਸ ਮੌਕੇ ਉਨ੍ਹਾਂ ਹੋਲਾ ਮਹੱਲਾ ਦੀ ਸੰਪੂਰਨ ਸੰਪੂਰਨਤਾ ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਬਾਬਾ ਅਵਤਾਰ ਸਿੰਘ ਬਿਧੀ ਚੰਦ ਵਾਲੇ, ਬਾਬਾ ਗੁਰਦੇਵ ਸਿੰਘ, ਬਾਬਾ ਜੋਗਾ ਸਿੰਘ ਤਰਨਾ ਦਲ ਵਾਲੇ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਰਾਜਾ ਰਾਜ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਕੁਲਵਿੰਦਰ ਸਿੰਘ, ਬਾਬਾ ਸ਼ਿੰਦਾ ਸਿੰਘ, ਬਾਬਾ ਮਾਣਕ ਜੀ, ਬਾਬਾ ਤ੍ਰਿਲੋਕ ਸਿੰਘ, ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਚੜ੍ਹਤ ਸਿੰਘ ਅਰਬਾਂ ਖਰਬਾਂ ਵਾਲੇ, ਬਾਬਾ ਮਾਨ ਸਿੰਘ ਗੁਰੂ ਨਾਨਕ ਦਲ ਮੜੀਆਂ ਵਾਲੇ, ਬਾਬਾ ਸਾਹਿਬ ਸਿੰਘ ਸਮੇਤ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਫੌਜਾਂ ਮੌਜੂਦ ਸਨ।

Scroll to Top