ਕਾਂਗਰਸ ਦੀ ਸਾਬਕਾ ਆਗੂ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਬੋਲਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ’ਤੇ ‘ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕਟੇ ਹੋਣ’ ਅਤੇ ਪੰਜਾਬ ਇਕਾਈ ਵਿੱਚ ਅੰਦਰੂਨੀ ਭ੍ਰਿਸ਼ਟਾਚਾਰ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਕੋਇੰਬਟੂਰ ਵਿੱਚ ਬੋਲਦਿਆਂ ਸਿੱਧੂ ਨੇ ਦਾਅਵਾ ਕੀਤਾ ਕਿ ਗਾਂਧੀ ਦੀ ਢਿੱਲ(inaction) ਪੰਜਾਬ ਵਿੱਚ ਕਾਂਗਰਸ ਨੂੰ ਖਤਮ ਕਰ ਰਹੀ ਹੈ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਅੰਦਰੂਨੀ ਘੇਰਾ ਚੋਣ ਟਿਕਟਾਂ ਵੇਚਣ ਵਿੱਚ ਰੁੱਝਿਆ ਹੋਇਆ ਹੈ ਜਦੋਂ ਕਿ ਉਹ ਸਥਿਤੀ ਤੋਂ ਅਣਜਾਣ ਹਨ। ਸਿੱਧੂ ਨੇ ਕਿਹਾ, “ਰਾਹੁਲ ਗਾਂਧੀ ਚੰਗੀਆਂ ਗੱਲਾਂ ਕਰਦੇ ਹਨ। ਉਹ ਸਾਰਥਕ ਗੱਲਾਂ ਕਰਦੇ ਹਨ। ਪਰ ਉਹ ਜੋ ਕਰਦੇ ਹਨ ਅਤੇ ਜੋ ਕਹਿੰਦੇ ਹਨ ਉਹ ਬਹੁਤ ਵੱਖਰਾ ਹੈ। ਪਿਛਲੇ ਅੱਠ ਮਹੀਨਿਆਂ ਤੋਂ, ਮੈਂ ਉਨ੍ਹਾਂ ਨੂੰ ਇਹ ਦੱਸਣ ਲਈ ਸਮਾਂ ਮੰਗ ਰਹੀ ਹਾਂ ਕਿ ਤੁਹਾਡੇ ਲੋਕ, ਤੁਹਾਡਾ ਪ੍ਰਧਾਨ ਜਾਂ ਪੰਜਾਬ ਵਿੱਚ ਨਿਯੁਕਤ ਤੁਹਾਡਾ ਵਿਅਕਤੀ ਪੰਜਾਬ ਨਾਲ ਇਨਸਾਫ਼ ਨਹੀਂ ਕਰ ਰਿਹਾ। ਉਹ ਪੰਜਾਬ ਵਿੱਚ ਕਾਂਗਰਸ ਨੂੰ ਮਾਰ ਰਿਹਾ ਹੈ। ਮੈਂ ਤੁਹਾਨੂੰ ਸਿਰਫ਼ ਇਹ ਦੱਸਣ ਲਈ ਮੁਲਾਕਾਤ ਮੰਗ ਰਹੀ ਹਾਂ ਕਿ ਪੰਜਾਬ ਵਿੱਚ ਤੁਹਾਡੀ ਪਾਰਟੀ ਤਬਾਹ ਹੋ ਰਹੀ ਹੈ। ਉਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਵੇਚ ਦਿੱਤੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਹੇਠਾਂ ਕੀ ਹੋ ਰਿਹਾ ਹੈ, ਤਾਂ ਮੈਨੂੰ ਅਫਸੋਸ ਹੈ। ਤੁਸੀਂ ਉਸ ਕੁਰਸੀ ਦੇ ਲਾਇਕ ਨਹੀਂ ਹੋ। ਤੁਸੀਂ ਜੋ ਕਰ ਰਹੇ ਹੋ ਉਸ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ। ਅਸੀਂ ਪੰਜਾਬ ਲਈ ਸਭ ਕੁਝ ਛੱਡ ਦਿੱਤਾ, ਅਤੇ ਤੁਸੀਂ ਸਾਨੂੰ ਸੱਤ ਵਿਭਾਗਾਂ ਨਾਲ ਡਿਪਟੀ ਸੀਐੱਮ ਦੇ ਅਹੁਦੇ ਅਤੇ ਮੈਨੂੰ ਸਾਂਸਦ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਤੁਸੀਂ ਸਾਨੂੰ ਕੁਝ ਨਹੀਂ ਦਿੱਤਾ। ਤੁਸੀਂ ਸਾਨੂੰ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਦਿੱਤਾ, ਅਤੇ ਤੁਸੀਂ ਚਾਹੁੰਦੇ ਸੀ ਕਿ ਉਹ ਮੁੱਖ ਮੰਤਰੀ ਅਨੁਸਾਰ ਚੱਲਣ। ਤੁਸੀਂ ਭ੍ਰਿਸ਼ਟਾਚਾਰ ਵਿਰੁੱਧ ਗੱਲ ਕਿਉਂ ਕਰ ਰਹੇ ਹੋ ਜਦੋਂ ਤੁਹਾਡੇ ਆਪਣੇ ਲੋਕ ਭ੍ਰਿਸ਼ਟ ਹਨ? ਅਤੇ ਤੁਸੀਂ ਆਪਣੇ ਆਲੇ-ਦੁਆਲੇ ਉਨ੍ਹਾਂ ਭ੍ਰਿਸ਼ਟ ਲੋਕਾਂ ਨੂੰ ਪਸੰਦ ਕਰ ਰਹੇ ਹੋ। ਤੁਹਾਡੇ ਆਲੇ-ਦੁਆਲੇ ਦੇ ਲੋਕ ਪੂਰੀ ਤਰ੍ਹਾਂ ਭ੍ਰਿਸ਼ਟ ਹਨ। ਤੁਹਾਡੇ ਕੋਲ ਉਨ੍ਹਾਂ ਇਮਾਨਦਾਰ ਲੋਕਾਂ ਲਈ ਸਮਾਂ ਨਹੀਂ ਹੈ ਜੋ ਆ ਕੇ ਤੁਹਾਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਗਲਤ ਹੋ ਰਿਹਾ ਹੈ, ਤੁਸੀਂ ਪੰਜਾਬ ਨਹੀਂ ਜਿੱਤਣ ਜਾ ਰਹੇ।” ਸਿੱਧੂ ਨੇ ਕਿਹਾ, ‘‘ਸ਼ਾਇਦ ਇਹ (ਅਹੁਦਾ) ਉਨ੍ਹਾਂ ਨੂੰ ਤੋਹਫ਼ੇ ਵਜੋਂ ਮਿਲਿਆ ਹੈ। ਉਨ੍ਹਾਂ ਨੇ ਹੇਠਲੇ ਪੱਧਰ ਤੋਂ ਕੰਮ ਕਰਕੇ ਅਸਲ ਵਿੱਚ ਜ਼ਮੀਨ ‘ਤੇ ਜਗ੍ਹਾ ਨਹੀਂ ਬਣਾਈ। ਮੈਂ ਸਮਝਦੀ ਹਾਂ ਕਿ ਜ਼ਮੀਨ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਕਿਸੇ ਲਈ ਵੀ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਗਰਾਊਂਡ ਜ਼ੀਰੋ ‘ਤੇ ਕੀ ਹੋ ਰਿਹਾ ਹੈ। ਜਾਣਨ ਲਈ ਤੁਹਾਨੂੰ ਜ਼ਮੀਨੀ ਹਕੀਕਤ ਦੇ ਸੰਪਰਕ ਵਿੱਚ ਰਹਿਣਾ ਪਵੇਗਾ। ਤੁਸੀਂ ਸੁਪਨਿਆਂ ਦੀ ਦੁਨੀਆ ਵਿੱਚ ਨਹੀਂ ਰਹਿ ਸਕਦੇ।” ਨਵਜੌਤ ਕੌਰ ਸਿੱਧੂ ਨੇ ਅੱਗੇ ਕਿਹਾ, “ਅਸੀਂ ਸਾਰੀ ਉਮਰ ਇਮਾਨਦਾਰ ਰਹੇ ਹਾਂ। ਅਸੀਂ ਸਿਰਫ਼ ਇਮਾਨਦਾਰ ਰਹਿ ਕੇ ਅਤੇ ਉਸ ਕਾਰਨ ਵਿੱਤੀ ਤੌਰ ‘ਤੇ ਸੰਘਰਸ਼ ਕਰਕੇ ਪੰਜਾਬ ਦੇ ਲੋਕਾਂ ਅਤੇ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਤੁਸੀਂ ਪੀਐਮ ਮੋਦੀ ‘ਤੇ ਉਂਗਲ ਉਠਾ ਸਕਦੇ ਹੋ। ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ। ਕੀ ਉਨ੍ਹਾਂ ਕੋਲ ਇੱਕ ਪੈਸਾ ਹੈ? ਕੀ ਉਨ੍ਹਾਂ ਦੇ ਖਿਲਾਫ ਕੋਈ ਫਾਈਲ ਹੈ? ਉਨ੍ਹਾਂ ਤੱਕ ਨਿੱਜੀ ਤੌਰ ‘ਤੇ ਪਹੁੰਚ ਕੇ ਦੇਖੋ। ਉਨ੍ਹਾਂ ਦੇ ਖ਼ਿਲਾਫ਼ ਕੁਝ ਵੀ ਨਹੀਂ ਹੈ।”
