ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਅੱਜ ਅਕਾਲ ਤਖ਼ਤ ਸਕੱਤਰੇਤ ਵਿੱਚ ਪੱਤਰ ਸੌਂਪ ਕੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਵਫ਼ਦ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮੁਆਫ਼ੀ ਦੇਣ ਦੀ ਗੱਲ ਕਰਨ ਅਤੇ ਅਕਾਲ ਤਖ਼ਤ ਨੂੰ ਮਹਿਜ਼ ਇਮਾਰਤ ਕਹਿਣ ਦੇ ਮਾਮਲੇ ’ਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਰਨਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸਿੱਖ ਆਗੂ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਇਹ ਪੱਤਰ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਦਸਤਖ਼ਤ ਹੇਠ ਅੱਜ ਕਮੇਟੀ ਦੇ ਵਫ਼ਦ ਨੇ ਅਕਾਲ ਤਖ਼ਤ ਸਕੱਤਰੇਤ ’ਚ ਸੌਂਪਿਆ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂ ਵੱਲੋਂ ਪਿਛਲੇ ਦਿਨੀਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਕਾਂਗਰਸ ਨੂੰ 1984 ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ’ਤੇ ਫ਼ੌਜੀ ਹਮਲਾ ਕਰਨ ਅਤੇ ਨਵੰਬਰ 1984 ਵੇਲੇ ਸਿੱਖ ਨਸਲਕੁਸ਼ੀ ਦੇ ਦੋਸ਼ ਤੋਂ ਮੁਆਫ਼ ਕਰਨ ਦੀ ਗੱਲ ਕਰਨਾ ਬਹੁਤ ਹੀ ਮੰਦਭਾਗਾ ਹੈ। ਇੰਨਾ ਹੀ ਨਹੀਂ ਬਲਕਿ ਇਕ ਨਿੱਜੀ ਚੈਨਲ ’ਤੇ ਗੱਲਬਾਤ ਦੌਰਾਨ ਕਥਿਤ ਤੌਰ ’ਤੇ ਅਕਾਲ ਤਖ਼ਤ ਨੂੰ ਮਹਿਜ਼ ਇਮਾਰਤ ਕਹਿਣਾ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਨਾ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਵਫ਼ਦ ਵਿੱਚ ਆਤਮਾ ਸਿੰਘ ਲੁਬਾਣਾ, ਸੁਖਵਿੰਦਰ ਸਿੰਘ ਬੱਬਰ, ਬਲਜਿੰਦਰ ਸਿੰਘ, ਰਮਿੰਦਰ ਸਿੰਘ ਸਵੀਟਾ, ਸੁਖਬੀਰ ਸਿੰਘ ਕਾਲੜਾ ਆਦਿ ਮੈਂਬਰ ਹਾਜ਼ਰ ਸਨ।
