ਦਰਬਾਰ ਸਾਹਿਬ ’ਚ ਹੋਲਾ ਮਹੱਲਾ ਸ਼ਰਧਾ ਨਾਲ ਮਨਾਇਆ

ਇਥੇ ਦਰਬਾਰ ਸਾਹਿਬ ਵਿੱਚ ਹੋਲੀ ਮੌਕੇ ਦੇਰ ਰਾਤ ਸੁਖ ਆਸਨ ਵੇਲੇ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਪਾਵਨ ਸਰੂਪ ’ਤੇ ਫੁੱਲਾਂ ਅਤੇ ਇਤਰ-ਫਲੇਲ ਦੀ ਵਰਖਾ ਕਰ ਕੇ ਹੋਲਾ ਮਹੱਲਾ ਮਨਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਪਹਿਰ 12 ਵਜੇ ਪੁਰਾਤਨ ਮਰਿਆਦਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਅਕਾਲ ਤਖ਼ਤ ਤੋਂ ਮਹੱਲਾ ਸਜਾਇਆ ਗਿਆ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ’ਚ ਆਰੰਭ ਹੋਏ ਮਹੱਲੇ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਜਾਣਕਾਰੀ ਅਨੁਸਾਰ ਮਹੱਲਾ ਅਕਾਲ ਤਖ਼ਤ ਤੋਂ ਆਰੰਭ ਹੋ ਕੇ ਵੱਖ-ਵੱਖ ਬਜ਼ਾਰਾਂ ’ਚੋਂ ਹੁੰਦਾ ਹੋਇਆ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਘਿਓ ਮੰਡੀ ਚੌਕ, ਦਫ਼ਤਰ ਸ੍ਰੀ ਗੁਰੂ ਸਿੰਘ ਸਭਾ, ਵਿਰਾਸਤੀ ਮਾਰਗ, ਜੱਲ੍ਹਿਆਂਵਾਲਾ ਬਾਗ ਰਾਹੀਂ ਹੁੰਦਾ ਹੋਇਆ ਘੰਟਾ ਘਰ ਪੁੱਜ ਕੇ ਤਖ਼ਤ ਸਾਹਿਬ ਵਿਖੇ ਸੰਪੂਰਨ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਸਭਾ ਦੇ ਪ੍ਰਧਾਨ ਪ੍ਰੋਫੈਸਰ ਇੰਦਰਜੀਤ ਸਿੰਘ ਗੋਗੋਆਣੀ ਤੇ ਜਨਰਲ ਸਕੱਤਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਵਿੱਚ ਸੂਰਬੀਰਤਾ, ਦਲੇਰੀ, ਅਣਖ ਅਤੇ ਸਿੱਖੀ ਭਾਵਨਾ ਪੈਦਾ ਕਰਨ ਲਈ ਹੋਲੇ ਮਹੱਲੇ ਦਾ ਤਿਉਹਾਰ ਪ੍ਰਚਲਿਤ ਕੀਤਾ ਸੀ। ਇਸ ਕਾਰਨ ‘ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ’ ਦਾ ਵਾਕ ਪ੍ਰਚਲਿਤ ਰਿਹਾ ਹੈ। ਇਹ ਪਵਿੱਤਰ ਦਿਹਾੜਾ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ।

Scroll to Top