ਥਾਣੇ ’ਚ ਪਾਵਨ ਸਰੂਪਾਂ ਦਾ ਮਾਮਲਾ ਵਿਦੇਸ਼ ਮੰਤਰਾਲੇ ਨੇ ਕਤਰ ਸਰਕਾਰ ਕੋਲ ਚੁੱਕਿਆ

ਅਰਬ ਦੇਸ਼ ਕਤਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਉਥੋਂ ਦੀ ਪੁਲੀਸ ਦੇ ਕਬਜ਼ੇ ਵਿੱਚ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਸਰਕਾਰ ਨੇ ਭਾਰਤੀ ਦੂਤਾਵਾਸ ਰਾਹੀਂ ਇਹ ਮਾਮਲਾ ਕਤਰ ਸਰਕਾਰ ਕੋਲ ਚੁੱਕਿਆ ਹੈ। ਇਸ ਦਾ ਖੁਲਾਸਾ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਕੇ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦੇਸ਼ ਮੰਤਰਾਲੇ ਦਾ ਤੇਜ਼ੀ ਨਾਲ ਕੀਤੀ ਗਈ ਕਾਰਵਾਈ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਵੱਲੋਂ ਕੀਤੀ ਕਾਰਵਾਈ ਸਦਕਾ ਇੱਕ ਪਾਵਨ ਸਰੂਪ ਕਤਰ ਪ੍ਰਸ਼ਾਸਨ ਕੋਲੋਂ ਵਾਪਸ ਲੈ ਲਿਆ ਗਿਆ ਹੈ ਅਤੇ ਦੂਸਰਾ ਸਰੂਪ ਵੀ ਜਲਦੀ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। ਇਹ ਦੋਵੇਂ ਸਰੂਪ ਜਲਦੀ ਹੀ ਕਿਸੇ ਨੇੜਲੇ ਗੁਰਦੁਆਰੇ ਵਿੱਚ ਸਤਿਕਾਰ ਅਤੇ ਮਰਿਆਦਾ ਨਾਲ ਭੇਜੇ ਜਾਣ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕਰਕੇ ਸਪਸ਼ਟ ਕੀਤਾ ਕਿ ਕਤਰ ਸਰਕਾਰ ਵੱਲੋਂ ਕੀਤੀ ਗਈ ਅਜਿਹੀ ਕਾਰਵਾਈ ਦਾ ਭਾਰਤ ਸਰਕਾਰ ਨੇ ਪਹਿਲਾਂ ਹੀ ਨੋਟਿਸ ਲਿਆ ਹੈ ਅਤੇ ਕਤਰ ਵਿਚਲੇ ਭਾਰਤੀ ਦੂਤਾਵਾਸ ਰਾਹੀਂ ਉਥੋਂ ਦੇ ਸਿੱਖ ਭਾਈਚਾਰੇ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਤਰ ਪ੍ਰਸ਼ਾਸਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪ ਲਿਆਂਦੇ ਗਏ ਸਨ। ਇਹ ਦੋ ਪਾਵਨ ਸਰੂਪ ਦੋ ਵਿਅਕਤੀਆਂ ਕੋਲੋਂ ਲਿਆਂਦੇ ਗਏ ਸਨ ਜੋ ਉਥੇ ਨਿੱਜੀ ਤੌਰ ’ਤੇ ਬਿਨਾਂ ਪ੍ਰਵਾਨਗੀ ਧਾਰਮਿਕ ਸਥਾਨ ਚਲਾ ਰਹੇ ਸਨ। ਦੱਸਣਯੋਗ ਹੈ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕੇਂਦਰੀ ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜ ਕੇ ਘਟਨਾ ਦੀ ਜਾਣਕਾਰੀ ਦਿੰਦਿਆਂ ਮਦਦ ਦੀ ਅਪੀਲ ਕੀਤੀ ਗਈ ਸੀ। ਇੰਗਲੈਂਡ ਦੀ ਸੰਸਥਾ ਭਾਈ ਘਨ੍ਹੱਈਆ ਜੀ ਹਿਊਮੈਨੀਟੇਰੀਅਨ ਏਡ ਵੱਲੋਂ ਸ੍ਰੀ ਅਕਾਲ ਤਖਤ ਵਿਖੇ ਸੂਚਨਾ ਦਿੱਤੀ ਗਈ ਸੀ ਕਿ ਦਸੰਬਰ 2023 ਵਿੱਚ ਕਤਰ ਦੀ ਪੁਲੀਸ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੋ ਪਾਵਨ ਸਰੂਪ ਆਪਣੇ ਕਬਜ਼ੇ ਵਿੱਚ ਲਏ ਗਏ ਸਨ। ਇਹ ਪਾਵਨ ਸਰੂਪ ਦੋਹਾ ਦੇ ਅਲ ਵਕਾਰ ਪੁਲੀਸ ਥਾਣੇ ਵਿੱਚ ਰੱਖੇ ਗਏ ਸਨ। ਪੁਲੀਸ ਨੇ ਸਿੱਖ ਨੂੰ ਬਿਨਾਂ ਪ੍ਰਵਾਨਗੀ ਲਏ ਆਪਣੇ ਘਰ ਵਿੱਚ ਗੁਰਦੁਆਰਾ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ।

Scroll to Top