ਕਿਸਾਨੀ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ 26 ਨਵੰਬਰ ਤੋਂ ਮਰਨ ਵਰਤ ’ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 57ਵੇਂ ਦਿਨ ਵੀ ਜਾਰੀ ਰਿਹਾ। ਉਹ ਸਪੱਸ਼ਟ ਕਰ ਚੁੱਕੇ ਹਨ ਕਿ ਮੰਗਾਂ ਦੀ ਪੂਰਤੀ ਤੱਕ ਮਰਨ ਵਰਤ ਨਹੀਂ ਤੋੜਨਗੇ। ਉਂਜ ਦੋਵਾਂ ਫੋਰਮਾਂ ਨੂੰ ਗੱਲਬਾਤ ਲਈ ਕੇਂਦਰ ਸਰਕਾਰ ਤੋਂ 14 ਫਰਵਰੀ ਲਈ ਮੀਟਿੰਗ ਦਾ ਸੱਦਾ ਮਿਲਣ ਉਪਰੰਤ ਉਨ੍ਹਾਂ ਵੱਲੋਂ 55ਵੇਂ ਦਿਨ ਇਲਾਜ ਸ਼ੁਰੂ ਕਰਵਾ ਲਿਆ ਗਿਆ ਸੀ। ਇਸ ਮਗਰੋਂ ਹੁਣ ਪਹਿਲਾਂ ਵਾਂਗ ਉਨ੍ਹਾਂ ਦੀ ਸਿਹਤ ਵਿੱਚ ਵਿਗਾੜ ਨਹੀਂ ਆਇਆ। ਉਧਰ, ਡਾਕਟਰਾਂ ਦਾ ਕਹਿਣਾ ਹੈ ਕਿ ਤੰਦਰੁਸਤੀ ਲਈ ਮੈਡੀਕਲ ਇਲਾਜ ਤੋਂ ਇਲਾਵਾ ਉਨ੍ਹਾਂ ਨੂੰ ਕੁਦਰਤੀ ਰੋਸ਼ਨੀ, ਤਾਜ਼ੀ ਹਵਾ ਅਤੇ ਧੁੱਪ ਦੀ ਵੀ ਵਧੇਰੇ ਲੋੜ ਹੈ। ਇਸ ਦੇ ਚੱਲਦਿਆਂ ਉਨ੍ਹਾਂ ਲਈ ਵਿਸ਼ੇਸ਼ ਕਮਰਾ, ਕੈਬਿਨ ਤਿਆਰ ਕਰਵਾਇਆ ਜਾ ਰਿਹਾ ਹੈ। ਇਹ ਕਮਰਾ ਸਾਊਂਡ ਪਰੂਫ ਹੋਵੇਗਾ ਤੇ ਇਸ ਵਿੱਚ ਜੈਨਰੇਟਰ, ਏਸੀ, ਗੀਜਰ, ਬਾਥਰੂਮ ਤੇ ਟੁਆਇਲਟ ਸਣੇ ਰਸੋਈ ਦੀ ਵਿਵਸਥਾ ਵੀ ਰਹੇਗੀ। ਲੋੜ ਮੁਤਾਬਿਕ ਧੁੱਪ ’ਚ ਮੰਜਾ ਡਾਹੁਣ ਦੀ ਵਿਵਸਥਾ ਵੀ ਹੋਵੇਗੀ। ਮਿਸਤਰੀਆਂ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ ਕਮਰਾ ਤਿਆਰ ਕਰਨ ’ਤੇ ਕੁਝ ਕੁ ਦਿਨ ਲੱਗ ਸਕਦੇ ਹਨ। ਇਸ ਕਰਕੇ ਫੌਰੀ ਸੁਵਿਧਾ ਲਈ ਪਹਿਲਾਂ ਟਰਾਲੀ ਨੂੰ ਹੀ ਇਸ ਪੱਖੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਲੋੜ ਮੁਤਾਬਿਕ ਏਧਰ ਓਧਰ ਘੁਮਾਇਆ ਵੀ ਜਾ ਸਕੇਗਾ। ਜਾਣਕਾਰੀ ਅਨੁਸਾਰ ਡੱਲੇਵਾਲ ਨੂੰ 22 ਜਨਵਰੀ ਨੂੰ ਇਸ ਟਰਾਲੀ ’ਚ ਤਬਦੀਲ ਕਰ ਦਿੱਤਾ ਜਾਵੇਗਾ ਜਦਕਿ ਹੁਣ ਉਹ ਮਰਨ ਵਰਤ ਵਾਲ਼ੇ ਦਿਨ ਤੋਂ ਹੀ ਟਰਾਲੀ ਵਿਚ ਹੀ ਬਣਾਏ ਗਏ ਸਧਾਰਨ ਕਮਰੇ ’ਚ ਹਨ। ਉਧਰ, ਮੌਡੀਫਾਈ ਕੀਤੀ ਜਾ ਰਹੀ ਇਸ ਟਰਾਲੀ ਦੀ ਅੱਜ ਚੰਗੀ ਤਰ੍ਹਾਂ ਸਫ਼ਾਈ ਕੀਤੀ ਗਈ। ਬੈਕਟੀਰੀਆ ਮੁਕਤ ਬਣਾਉਣ ਲਈ ਮਾਹਿਰਾਂ ਦੀ ਟੀਮ ਵੱਲੋਂ ਟਰਾਲੀ ਦੇ ਅੰਦਰ ਅਤੇ ਬਾਹਰ ਵਿਸ਼ੇਸ਼ ਦਵਾਈਆਂ ਦਾ ਛਿੜਕਾਅ ਕੀਤਾ ਗਿਆ। ਕਿਸਾਨ ਨੇਤਾ ਕਾਕਾ ਸਿੰਘ ਕੋਟੜਾ ਅਤੇ ਅਭਿਮੰਨਿਊਂ ਕੋਹਾੜ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਇਹ ਵੀ ਦੱਸਿਆ ਕਿ ਇਸ ਵਿਸ਼ੇਸ਼ ਕੈਬਿਨ ਨੂੰ ਬਹੁਤ ਜਲਦੀ ਤਿਆਰ ਕਰਨ ਲਈ ਹੋਰ ਮਕੈਨਿਕਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਮੀਟਿੰਗ ਦੇ ਮਿਲੇ ਸੱਦੇ ਨੂੰ ਕਈ ਕਿਸਾਨ ਆਗੂ ਜਿੱਤ ਲਈ ਇੱਕ ਕਦਮ ਅੱਗੇ ਵਧਿਆ ਮੰਨ ਰਹੇ ਹਨ, ਪਰ ਡੱਲੇਵਾਲ ਦਾ ਕਹਿਣਾ ਹੈ ਕਿ ਮੀਟਿੰਗ ਦੇ ਇਸ ਸੱਦੇ ਨੂੰ ਜਿੱਤ ਮੰਨਣ ਦੀ ਭੁੱਲ ਨਾ ਕੀਤੀ ਜਾਵੇ। ਜਿੱਤ ਤਾਂ ਕੇਵਲ ਮੰਗਾਂ ਦੀ ਪੂਰਤੀ ਹੀ ਹੈ ਤੇ ਉਹ ਪੂਰਤੀ ਤੱਕ ਲੜਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਰਚੇ ਪ੍ਰਤੀ ਪਹਿਲਾਂ ਵਾਂਗ ਆਪਣੀ ਤਾਕਤ ਝੋਕਦੇ ਰਹਿਣ।