ਡੱਲੇਵਾਲ ਦੀਆਂ ਸਿਹਤ ਸਮੱਸਿਆਵਾਂ ਵਧੀਆਂ

ਕਿਸਾਨੀ ਮੰਗਾਂ ਸਬੰਧੀ ਚੱਲ ਰਹੇ ਕਿਸਾਨ ਅੰਦੋਲਨ-2 ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 98ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਭਾਵੇਂ ਉਨ੍ਹਾਂ ਦਾ ਇਲਾਜ ਵੀ ਜਾਰੀ ਹੈ ਪਰ ਲੰਬਾ ਸਮਾਂ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਸਰੀਰ ’ਚ ਕੋਟੀਨ ਦੀ ਮਾਤਰਾ ਵਧ ਗਈ ਹੈ। ਐੱਸਕੇਐੱਮ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਸਬੰਧਤ ਕਿਸਾਨਾਂ ਵੱਲੋਂ ਸ੍ਰੀ ਡੱਲੇਵਾਲ ਦੇ ਮਰਨ ਵਰਤ ਦੇ 100ਵੇਂ ਦਿਨ ਪੰਜ ਮਾਰਚ ਨੂੰ ਦੇਸ਼ ਭਰ ’ਚ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਅਤੇ ਤਹਿਸੀਲ ਹੈਡਕੁਆਰਟਰਾਂ ’ਤੇ ਕੀਤੀ ਜਾਣ ਵਾਲ਼ੀ ਭੁੱਖ ਹੜਤਾਲ਼ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਇਸ ਸਬੰਧੀ ਜਥੇਬੰਦੀ ਦੇ ਦੇਸ਼ ਭਰ ਵਿਚਲੇ ਪ੍ਰਮੁੱਖ ਆਗੂਆਂ ਨਾਲ਼ ਆਨ-ਲਾਈਨ ਹੋਈ ਮੀਟਿੰਗ ਨੂੰ ਖ਼ੁਦ ਡੱਲੇਵਾਲ਼ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਸਾਨ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਇਸ ਸਬੰਧੀ ਦੇਸ਼ ਭਰ ’ਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਪਰ ਪੰਜਾਬ ਤੇ ਹਰਿਆਣੇ ਵਿੱਚ ਵਧੇਰੇ ਉਤਸ਼ਾਹ ਹੈ। ਇਸੇ ਦੌਰਾਨ ਸਰਵਣ ਪੰਧੇਰ, ਜਸਵਿੰਦਰ ਲੌਂਗੋਵਾਲ਼, ਦਿਲਬਾਗ ਹਰੀਗੜ੍ਹ, ਮਨਜੀਤ ਨਿਆਲ਼, ਮਨਜੀਤ ਰਾਏ, ਗੁਰਧਿਆਨ ਸਿਓਣਾ ਆਦਿ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮੌਕੇ ’ਤੇ ਅੱਠ ਮਾਰਚ ਨੂੰ ਸ਼ੰਭੂ ਅਤੇ ਢਾਬੀਗੁੱਜਰਾਂ ਸਣੇ ਰਤਨਪੁਰਾ ਬਾਰਡਰ ’ਤੇ ਵੀ ਮਹਿਲਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ।

Scroll to Top