ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਕੜਾਕੇ ਦੀ ਠੰਢ ਦੇ ਬਾਵਜੂਦ ਬੇਰੁਜ਼ਗਾਰਾਂ ਦਾ ਸੰਘਰਸ਼ ਜਾਰੀ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਅੱਗੇ ਸੜਕ ਕੰਢੇ ਲਾਇਆ ਗਿਆ ਪੱਕਾ ਮੋਰਚਾ ਅੱਜ ਸੱਤਵੇਂ ਦਿਨ ਵੀ ਜਾਰੀ ਰਿਹਾ। ਤੰਬੂ ਵਿੱਚ ਡਟੇ ਇਨ੍ਹਾਂ ਨੌਜਵਾਨਾਂ ਨੇ ਹੁਣ ਪਿੰਡਾਂ ਦਾ ਰੁਖ਼ ਕਰ ਲਿਆ ਹੈ। ਬੇਰੁਜ਼ਗਾਰਾਂ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਆਪਣੀਆਂ ਮੰਗਾਂ ਅਤੇ ਸਰਕਾਰ ਖ਼ਿਲਾਫ਼ ਨਾਅਰੇ ਲਿਖਣ ਦੀ ਮੁਹਿੰਮ ਚਲਾਈ, ਜਿਸ ਰਾਹੀਂ ਆਮ ਲੋਕਾਂ ਨੂੰ ਸਰਕਾਰ ਦੀ ਵਾਅਦਾਖਿਲਾਫ਼ੀ ਤੋਂ ਜਾਣੂ ਕਰਵਾਇਆ ਗਿਆ। ਮੋਰਚੇ ਦੇ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਮਲੋਟ ਅਤੇ ਅਮਨ ਸੇਖਾ ਨੇ ਦੱਸਿਆ ਕਿ ਪੱਕੇ ਮੋਰਚੇ ਨੂੰ ਹਫ਼ਤਾ ਹੋ ਗਿਆ ਹੈ ਪਰ ਅਫ਼ਸੋਸ ਹੈ ਕਿ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਬੈਠੇ ਪੰਜਾਬ ਦੇ ਧੀਆਂ-ਪੁੱਤਾਂ ਦੀ ਸਾਰ ਲੈਣ ਲਈ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪੁੱਜਾ। ਉਨ੍ਹਾਂ ਐਲਾਨ ਕੀਤਾ ਕਿ 11 ਜਨਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ‘ਰੁਜ਼ਗਾਰ ਦੀ ਲੋਹੜੀ’ ਮੰਗੀ ਜਾਵੇਗੀ, ਜਿਸ ਲਈ ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਆਗੂਆਂ ਨੇ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਭਰਤੀ ਕੈਲੰਡਰ ਲਾਗੂ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਨੇ ਪੌਣੇ ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵੀਂ ਪੋਸਟ ਨਹੀਂ ਕੱਢੀ, ਜਿਸ ਕਾਰਨ ਨੌਜਵਾਨ ਓਵਰਏਜ਼ ਹੋ ਰਹੇ ਹਨ। ਉਨ੍ਹਾਂ ਸਾਲ 2025 ਦੌਰਾਨ ਕੀਤੇ ਗਏ ਸੰਘਰਸ਼ਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਲੁਧਿਆਣਾ, ਗਿੱਦੜਬਾਹਾ, ਬਰਨਾਲਾ ਅਤੇ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣਾਂ ਮੌਕੇ ਉਨ੍ਹਾਂ ’ਤੇ ਜਬਰ ਕੀਤਾ ਗਿਆ। ਬਰਨਾਲਾ ਵਿੱਚ ਕੇਜਰੀਵਾਲ ਦੀ ਫੇਰੀ, ਸੁਨਾਮ ’ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ 15 ਅਗਸਤ ਦੇ ਸਮਾਗਮਾਂ ਮੌਕੇ ਬੇਰੁਜ਼ਗਾਰਾਂ ਨੂੰ ਥਾਣਿਆਂ ਵਿੱਚ ਡੱਕਿਆ ਗਿਆ। ਉਨ੍ਹਾਂ ਯਾਦ ਕਰਵਾਇਆ ਕਿ 19 ਤੋਂ 29 ਨਵੰਬਰ ਤੱਕ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪਟਿਆਲਾ ਰਿਹਾਇਸ਼ ਨੇੜੇ ਮੱਖਣ ਸਿੰਘ ਤੋਗਾਵਾਲ 11 ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਰਿਹਾ, ਫਿਰ ਵੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਹੁਣ 25 ਦਸੰਬਰ ਤੋਂ ਉਹ ਕੜਾਕੇ ਦੀ ਠੰਢ ਵਿਚ ਪੱਕਾ ਮੋਰਚਾ ਲਾ ਕੇ ਬੈਠੇ ਹਨ। ਇਹ ਪੱਕਾ ਮੋਰਚਾ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।
