‘ਜਿਸ ਪਦਵੀ ‘ਤੇ ਸੇਵਾ ਨਿਭਾਉਣੀ ਹੋਵੇ ਉਸਦੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ’, ਸਰਨਾ ਨੇ ਗਿਆਨੀ ਰਘਬੀਰ ਸਿੰਘ ‘ਤੇ ਚੁੱਕੇ ਸਵਾਲ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦੁਨਿਆਵੀ ਅਦਾਲਤ ਦਾ ਰੁੱਖ ਅਖ਼ਤਿਆਰ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਸ ਪਦਵੀ ‘ਤੇ ਸੇਵਾ ਨਿਭਾਉਂਦੇ ਹੋਈਏ ਉਸ ਪਦਵੀ ‘ਤੇ ਸੇਵਾ ਨਿਭਾ ਚੁੱਕੀਆਂ ਸ਼ਖ਼ਸੀਅਤਾਂ ਦੀਆਂ ਘਾਲਣਾ ਤੇ ਕੁਰਬਾਨੀਆਂ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ। ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਨਿੱਜੀ ਮੁਫਾਦਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਨੂੰ ਹੀ ਦੁਨਿਆਵੀ ਅਦਾਲਤ ਵਿਚ ਖੜਾ ਕਰ ਦਿੱਤਾ ਹੈ। ਜਿਸ ਪਦਵੀ ਅੱਗੇ ਦੁਨੀਆ ਭਰ ਦੇ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸਿਰ ਝੁਕਦਾ ਹੈ, ਉਸ ਪਦਵੀ ਨੂੰ ਅਦਾਲਤ ਵਿਚ ਖੜਾ ਕਰਕੇ ਨੀਵਾਂ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਯਤਨ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਨੂੰ ਨੀਵਾਂ ਕਰਨ ਦਾ ਯਤਨ ਗਿਆਨੀ ਰਘਬੀਰ ਸਿੰਘ ਨੇ ਕੀਤਾ ਹੈ, ਉੱਥੇ ਉਨ੍ਹਾਂ ਨੇ ਆਪਣੀ ਸ਼ਖ਼ਸੀਅਤ ਨੂੰ ਵੀ ਹੇਠਾਂ ਸੁੱਟ ਲਿਆ ਹੈ। ਸਰਨਾ ਨੇ ਕਿਹਾ ਕਿ ਇਹ ਉਹ ਪਦਵੀ ਹੈ ਜਿੱਥੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾਵਾਂ ਨਿਭਾਈਆਂ ਅਤੇ ਭਾਈ ਮਨੀ ਸਿੰਘ ਜੀ ਨੇ ਸੇਵਾਵਾਂ ਨਿਭਾਉਂਦੇ ਹੋਏ ਆਪਣੇ ਬੰਦ ਬੰਦ ਕੱਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਸਰਨਾ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਸਖਸ਼ੀਅਤ ਨੂੰ ਮਾਣ-ਮਰਿਆਦਾ ਅਤੇ ਸਿਧਾਂਤਾਂ ਨੂੰ ਤਾਰ-ਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸਰਨਾ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਅਦਾਲਤ ਵਿਚ ਕੀਤੇ ਕੇਸ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਦੀ ਪਦਵੀ ਨੂੰ ਠੇਸ ਪਹੁੰਚਾਉਣ ਅਤੇ ਨੀਵਾ ਦੱਸਣ ਦੀ ਇਸ ਕਾਰਵਾਈ ਦਾ ਤੁਰੰਤ ਨੋਟਿਸ ਲੈਂਦਿਆਂ ਧਾਰਮਿਕ ਸੇਵਾਵਾਂ ਤੋਂ ਲਾਂਭੇ ਕਰਕੇ ਸਰਵਿਸ ਨਿਯਮਾਂ ਮੁਤਾਬਿਕ ਕੋਈ ਦਫਤਰੀ ਸੇਵਾਵਾਂ ਲਈ ਬਦਲ ਦੇਣਾ ਚਾਹੀਦਾ ਹੈ। ਜਿਸ ਸ਼ਖ਼ਸੀਅਤ ਨੇ ਸਿੱਖ ਕੌਮ ਦੀਆਂ ਦੋ ਅਹਿਮ ਪਦਵੀਆਂ ‘ਤੇ ਸੇਵਾ ਨਿਭਾਉਣ ਤੋਂ ਬਾਅਦ ਵੀ ਮਾਣ-ਮਰਿਆਦਾ ਅਤੇ ਸਿੱਖੀ ਸਿਧਾਂਤਾਂ ਦਾ ਗਿਆਨ ਹਾਸਲ ਨਹੀਂ ਕੀਤਾ, ਉਹ ਸੰਗਤਾਂ ਲਈ ਵੀ ਗਲਤ ਰਾਹ ਦਸੇਰਾ ਹੋਵੇਗਾ।

Scroll to Top