ਜਥੇਦਾਰ ਨੇ ਗੁਰਦੁਆਰੇ ’ਚ ਤੀਆਂ ਮਨਾਉਣ ਦੇ ਮਾਮਲੇ ਦੀ ਰਿਪੋਰਟ ਮੰਗੀ

ਇੱਕ ਗੁਰਦੁਆਰੇ ਦੇ ਕੈਂਪਸ ਵਿੱਚ ਢੋਲ-ਢਮੱਕੇ ਨਾਲ ਤੀਆਂ ਮਨਾਉਣ ਅਤੇ ਨਾਚ ਗਾਣੇ ਦਾ ਪ੍ਰੋਗਰਾਮ ਕੀਤੇ ਜਾਣ ਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੜਤਾਲ ਕਰਵਾਉਣ ਅਤੇ ਇਸ ਦੀ ਰਿਪੋਰਟ ਸ੍ਰੀ ਅਕਾਲ ਤਖਤ ਭੇਜਣ ਦੇ ਹੁਕਮ ਦਿੱਤੇ ਹਨ। ਅਕਾਲ ਤਖਤ ਸਕੱਤਰੇਤ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਬੇਗੋਵਾਲ ਖੇਤਰ ਦੇ ਗੁਰਦੁਆਰਾ ਬਾਬਾ ਦਲੀਪ ਸਿੰਘ, ਪਿੰਡ ਨੰਗਲ ਲੁਬਾਣਾ ਨਾਲ ਸਬੰਧਤ ਹੈ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਅਤੇ ਇਸ ਸਬੰਧੀ ਸ਼ਿਕਾਇਤਾਂ ਅਕਾਲ ਤਖ਼ਤ ’ਤੇ ਪੁੱਜੀਆਂ ਹਨ ਜਿਸ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਨੋਟਿਸ ਲਿਆ ਹੈ। ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦੇ ਦੀਵਾਨ ਹਾਲ ਵਿਖੇ ਗੁਰਮਤਿ ਦੇ ਉਲਟ ਢੋਲ-ਢਮੱਕੇ ਨਾਲ ਤੀਆਂ ਦਾ ਨਾਚ ਗਾਣੇ ਦਾ ਪ੍ਰੋਗਰਾਮ ਕਰਵਾਉਣ ਦੀ ਆਗਿਆ ਦੇ ਕੇ ਬੱਜਰ ਭੁੱਲ ਕੀਤੀ ਹੈ। ਇਹ ਗੁਰਮਤਿ ਦੀ ਘੋਰ ਉਲੰਘਣਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਖਿਆ ਕਿ ਉਹ ਇਸ ਮਾਮਲੇ ਦੀ ਤੁਰੰਤ ਪੜਤਾਲ ਕਰਵਾਉਣ ਅਤੇ ਰਿਪੋਰਟ ਅਕਾਲ ਤਖਤ ਵਿਖੇ ਸੌਂਪੀ ਜਾਵੇ। ਇਸ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਮਤਿ ਵਿਰੋਧੀ ਕਾਰਜ ਕਰਵਾਉਣ ਦੀ ਆਗਿਆ ਦੇਣ ਖਿਲਾਫ਼ ਸਿੱਖ ਪ੍ਰੰਪਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ।

2 thoughts on “ਜਥੇਦਾਰ ਨੇ ਗੁਰਦੁਆਰੇ ’ਚ ਤੀਆਂ ਮਨਾਉਣ ਦੇ ਮਾਮਲੇ ਦੀ ਰਿਪੋਰਟ ਮੰਗੀ”

  1. Pingback: https://sultangejmskazino365.xyz/index

  2. Pingback: บาคาร่าเกาหลี

Comments are closed.

Scroll to Top