ਸੋਸ਼ਲ ਮੀਡੀਆ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਕਰ ਕੇ ਸਿੱਖ ਧਰਮ ਅਸਥਾਨਾਂ ਅਤੇ ਗੁਰੂ ਸਾਹਿਬਾਨ ਬਾਰੇ ਇਤਰਾਜ਼ਯੋਗ ਸਮੱਗਰੀ ਪੇਸ਼ ਕਰਨ ਦੇ ਵਧ ਰਹੇ ਰੁਝਾਨ ’ਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਅਕਸਰ ਹੀ ਜਦੋਂ ਕੋਈ ਏ ਆਈ ਨਾਲ ਬਣੀ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਉਂਦੀ ਹੈ ਤਾਂ ਲੋਕ ਉਸ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਅਪਲੋਡ ਜਾਂ ਸਾਂਝਾ ਕਰ ਕੇ ਹੋਰ ਵੀ ਅਗਾਂਹ ਫੈਲਾ ਦਿੰਦੇ ਹਨ, ਜਿਸ ਨਾਲ ਸ਼ਰਾਰਤੀ ਅਨਸਰਾਂ ਦਾ ਮੰਤਵ ਪੂਰਾ ਹੁੰਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਵਧੇਰੇ ਸੱਟ ਵੱਜਦੀ ਹੈ। ਇਸ ਦੀ ਬਜਾਏ ਵੀਡੀਓ, ਫੋਟੋ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ ਅਤੇ ਉਸ ਨੂੰ ਕਿਤੇ ਵੀ ਸਾਂਝਾ ਨਾ ਕੀਤਾ ਜਾਵੇ ਤਾਂ ਜੋ ਉਹ ਸਮੱਗਰੀ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਮੀਡੀਆ, ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਨੂੰ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਏ ਆਈ ਸਮੱਗਰੀ ਨੂੰ ਡਾਊਨਲੋਡ ਕਰ ਕੇ ਆਪਣੇ ਮੰਚਾਂ ਉੱਤੇ ਅਪਲੋਡ ਨਾ ਕਰਨ। ਜਥੇਦਾਰ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸਖਤੀ ਵਰਤੀ ਜਾਵੇ ਅਤੇ ਆਪਣੇ ਆਪ ਨੋਟਿਸ ਲੈ ਕਿ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਏ ਆਈ ਤਕਨੀਕ ਦੀ ਦੁਰਵਰਤੋਂ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਵਰਤਾਰੇ ਨੂੰ ਠੱਲ੍ਹਣ। ਇਸ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਏ ਆਈ ਨੀਤੀ ਬਣਾਈ ਜਾਵੇ ਜਿਸ ਅਨੁਸਾਰ ਕਿਸੇ ਵੀ ਏ ਆਈ ਟੂਲ/ਸਾਫ਼ਟਵੇਅਰ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨਾ ਬਣਾਈ ਜਾ ਸਕੇ ਅਤੇ ਨਾ ਹੀ ਅਪਲੋਡ ਕੀਤੀ ਜਾ ਸਕੇ।
