ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਦੀ ਪੰਜਾਬੀਆਂ ਬਾਰੇ ਟਿੱਪਣੀ ਖ਼ਿਲਾਫ਼ ਸੜਕਾਂ ‘ਤੇ ਉਤਰੇਗੀ ਪੰਜਾਬ ਕਾਂਗਰਸ

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪਿਛਲੇ ਦਿਨੀ ਕਿਸੇ ਸਮਾਗਮ ਦੌਰਾਨ ਪੰਜਾਬੀਆਂ ਨੂੰ ਕਥਿਤ ਤੌਰ ‘ਤੇ ‘ਇਮੋਸ਼ਨਲ ਬਲੱਡੀ ਫੂਲ’ ਕਹਿਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਚੰਡੀਗੜ੍ਹ ਭਾਜਪਾ ਪ੍ਰਧਾਨ ਦੀ ਟਿੱਪਣੀ ਖ਼ਿਲਾਫ਼ ਅੱਜ ਪੰਜਾਬ ਕਾਂਗਰਸ ਸੜਕਾਂ ‘ਤੇ ਉਤਰੇਗੀ। ਇਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ਉੱਤੇ ਭਾਜਪਾ ਖ਼ਿਲਾਫ਼ ਰੋਸ ਮੁਜਾਹਰੇ ਕੀਤੇ ਜਾਣਗੇ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਸੋਚ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੀ ਹੈ। ਪਰ ਕਾਂਗਰਸ ਵੱਲੋਂ ਪੰਜਾਬ ਦੇ ਸਨਮਾਨ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਆਗੂ ਨੇ ਮੰਗ ਕੀਤੀ ਕਿ ਪੰਜਾਬੀਆਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਲੰਘੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਜਤਿੰਦਰ ਪਾਲ ਮਲਹੋਤਰਾ ਪੰਜਾਬੀਆਂ ਨੂੰ ਇਮੋਸ਼ਨਲ ਬਲੱਡ ਦੀ ਫੂਲ ਕਹਿੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਜਤਿੰਦਰ ਪਾਲ ਮਲਹੋਤਰਾ ਨੇ ਲੰਘੀ ਸ਼ਾਮ ਆਪਣਾ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ  ਉਨਾਂ ਦੀ ਵੀਡੀਓ ਨੂੰ ਅਧੂਰਾ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਵੀ ਅੰਮ੍ਰਿਤਸਰ ਦੇ ਜੰਮ ਪਲ ਹਨ, ਉਹ ਪੰਜਾਬੀਆਂ ਬਾਰੇ ਕਦੇ ਅਜਿਹਾ ਸੋਚ ਵੀ ਨਹੀਂ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਾਣ ਬੂੱਝ ਕੇ ਭਾਜਪਾ ਅਤੇ ਉਸ ਨੂੰ ਬਦਨਾਮ ਕਰਨ ਲਈ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

Scroll to Top