ਜੂਨ 1984 ਦੇ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਯਾਦ ਵਿੱਚ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਪੁਲੀਸ ਨੇ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਨੀਮ ਫ਼ੌਜੀ ਬਲਾਂ ਦੀਆਂ 11 ਕੰਪਨੀਆਂ ਅਤੇ ਪੰਜਾਬ ਪੁਲੀਸ ਦੇ ਚਾਰ ਹਜ਼ਾਰ ਤੋਂ ਵੱਧ ਅਧਿਕਾਰੀ ਤੇ ਜਵਾਨ ਤਾਇਨਾਤ ਕੀਤੇ ਗਏ ਹਨ। ਸਪੈਸ਼ਲ ਡੀ ਜੀ ਪੀ (ਲਾਅ ਐਂਡ ਆਰਡਰ) ਪੀ ਕੇ ਸਿਨਹਾ ਨੇ ਅੱਜ ਇੱਥੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਕੇਂਦਰ ਤੋਂ ਮਿਲੀਆਂ ਨੀਮ ਫ਼ੌਜੀ ਬਲਾਂ ਦੀਆਂ ਕੰਪਨੀਆਂ ਵਿੱਚ ਬੀ ਐੱਸ ਐੱਫ, ਰੈਪਿਡ ਐਕਸ਼ਨ ਫੋਰਸ (ਆਰ ਏ ਐੱਫ) ਅਤੇ ਆਈ ਟੀ ਬੀ ਪੀ ਦੇ ਜਵਾਨ ਸ਼ਾਮਲ ਹਨ। ਪੁਲੀਸ ਵੱਲੋਂ ਸ਼ਹਿਰ ਵਿੱਚ ਬਹੁ-ਪਰਤੀ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਸ਼ਹਿਰ ਦੇ ਦਾਖਲਾ ਅਤੇ ਨਿਕਾਸ ਮਾਰਗਾਂ ਸਮੇਤ ਸੰਵੇਦਨਸ਼ੀਲ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਨਾਕੇ ਲਾ ਕੇ ਵਾਹਨਾਂ ਅਤੇ ਮਸ਼ਕੂਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਅਮਨ-ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਲਗਾਤਾਰ ਫਲੈਗ ਮਾਰਚ, ਫੁਟ ਪੈਟਰੋਲਿੰਗ ਅਤੇ ਗੱਡੀਆਂ ਰਾਹੀਂ ਗਸ਼ਤ ਜਾਰੀ ਹੈ। ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨਾਂ ਅਤੇ ਬਾਜ਼ਾਰਾਂ ਵਿੱਚ ਸੁਰੱਖਿਆ ਵਧਾਉਂਦਿਆਂ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ।
