ਗਿਆਨੀ ਹਰਪ੍ਰੀਤ ਸਿੰਘ ਭਰਤੀ ਕਮੇਟੀ ਵੱਲੋਂ ਗਠਿਤ ਅਕਾਲੀ ਦਲ ਦੇ ਪ੍ਰਧਾਨ ਬਣੇ

ਅਕਾਲ ਤਖ਼ਤ ਵੱਲੋਂ ਬਣਾਈ ਗਈ ਭਰਤੀ ਕਮੇਟੀ ਨੇ ਅੱਜ ਇੱਥੇ ਡੈਲੀਗੇਟ ਇਜਲਾਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਨਾਂ ਕਿਸੇ ਵਿਰੋਧ ਦੇ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧਾਰਮਿਕ ਵਿੰਗ ਪੰਥਕ ਕੌਂਸਲ ਬਣਾਇਆ ਗਿਆ ਹੈ, ਜਿਸ ਦਾ ਬੀਬੀ ਸਤਵੰਤ ਕੌਰ ਨੂੰ ਚੇਅਰਪਰਸਨ ਚੁਣਿਆ ਗਿਆ ਹੈ ਜੋ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਹਨ। ਇਸ ਸ਼੍ਰੋਮਣੀ ਅਕਾਲੀ ਦਲ ਵਿੱਚ ਰਾਜਸੀ ਅਤੇ ਧਾਰਮਿਕ ਵਿੰਗ ਬਰਾਬਰ ਦਾ ਕੰਮ ਕਰਨਗੇ। ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਾਜਸੀ ਚੋਣ ਨਹੀਂ ਲੜਨਗੇ। ਪਿਛਲੇ ਸਾਲ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰਗਠਨ ਵਾਸਤੇ ਭਰਤੀ ਕਮੇਟੀ ਬਣਾਈ ਸੀ, ਜਿਸ ਨੂੰ ਭਰਤੀ ਅਤੇ ਨਵੇਂ ਪ੍ਰਧਾਨ ਦੀ ਚੋਣ ਦਾ ਕਾਰਜ ਸੌਂਪਿਆ ਗਿਆ ਸੀ। ਪੰਜ ਸਿੰਘ ਸਾਹਿਬਾਨ ਨੇ ਅਕਾਲੀ ਦਲਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਹੁਕਮ ਵੀ ਕੀਤਾ ਗਿਆ ਸੀ। ਕਮੇਟੀ ਵੱਲੋਂ ਲਗਭਗ 15 ਲੱਖ ਤੋਂ ਵੱਧ ਮੈਂਬਰ ਅਤੇ ਲਗਭਗ 500 ਡੈਲੀਗੇਟ ਬਣਾਏ ਗਏ ਸਨ। ਨਿਹੰਗ ਜਥੇਬੰਦੀ ਬੁੱਢਾ ਦਲ ਦੀ ਛਾਉਣੀ ਸਥਿਤ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਸਮਾਗਮ ਦੌਰਾਨ ਸੰਤਾ ਸਿੰਘ ਉਮੈਦਪੁਰੀ ਨੂੰ ਇਜਲਾਸ ਦਾ ਨਿਗਰਾਨ ਬਣਾਇਆ ਗਿਆ ਸੀ। ਇਸ ਮੌਕੇ ਪ੍ਰਧਾਨ ਦੀ ਚੋਣ ਵਾਸਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਦੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਤਾਈਦ ਕੀਤੀ ਜਦੋਂ ਕਿ ਸੁੱਚਾ ਸਿੰਘ ਛੋਟੇਪੁਰ ਨੇ ਇਸ ਦੀ ਮਜੀਦ ਤਾਈਦ ਕੀਤੀ। ਕਿਸੇ ਹੋਰ ਉਮੀਦਵਾਰ ਦਾ ਨਾਮ ਪੇਸ਼ ਨਾ ਹੋਣ ’ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਇਜਲਾਸ ਦੌਰਾਨ ਮੰਚ ਸੰਚਾਲਨ ਇਕਬਾਲ ਸਿੰਘ ਝੂੰਦਾ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰ ਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਕਰਨੈਲ ਸਿੰਘ ਪੰਜੋਲੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਹਾਜ਼ਰ ਸਨ। ਬੁਲਾਰਿਆਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਇਤਿਹਾਸਕ ਪੜਾਅ ਤੇ ਮੀਰੀ-ਪੀਰੀ ਦੇ ਸਿਧਾਂਤ ’ਤੇ ਚੱਲਦਿਆਂ ਜਥੇਬੰਦੀ ਨੂੰ ਦੋ ਵਾਰਸ ਮਿਲੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ’ਤੇ ਧਰਮ ਦਾ ਕੁੰਡਾ ਮਜ਼ਬੂਤ ਰੱਖਣ ਲਈ ਪੰਥਕ ਕੌਂਸਲ ਬਣਾਈ ਗਈ ਹੈ। ਬਾਅਦ ’ਚ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਹੋਰ ਆਗੂਆਂ ਦੇ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ।

Scroll to Top