ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸੱਚਖੰਡ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਸਬੰਧ ਵਿੱਚ ਅੰਤ੍ਰਿੰਗ ਕਮੇਟੀ ਨੇ ਉਨ੍ਹਾਂ ਨੂੰ ਦੋਸ਼ ਸਾਬਤ ਕਰਨ ਵਾਸਤੇ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ। ਸ੍ਰੀ ਧਾਮੀ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਛੁੱਟੀ ’ਤੇ ਚੱਲ ਰਹੇ ਹਨ। ਉਨ੍ਹਾਂ ਵੱਲੋਂ ਸਤਿਕਾਰਤ ਅਹੁਦੇ ’ਤੇ ਹੁੰਦਿਆਂ ਬਿਨਾਂ ਠੋਸ ਸਬੂਤਾਂ ਦੇ ਸੰਸਥਾ ’ਤੇ ਇਲਜ਼ਾਮ ਲਗਾ ਕੇ ਇਸ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ। ਇਸ ਲਈ ਉਹ 72 ਘੰਟਿਆਂ ਵਿੱਚ ਦੋਸ਼ਾਂ ਸਬੰਧੀ ਸਬੂਤ ਪੇਸ਼ ਕਰਨ। ਜੇ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਅੰਤ੍ਰਿੰਗ ਕਮੇਟੀ ਦੀ ਅਗਲੀ ਇਕੱਤਰਤਾ 24 ਫਰਵਰੀ ਨੂੰ ਸੱਦੀ ਹੈ। ਇਸ ਵਿੱਚ ਇਸ ਮਾਮਲੇ ਬਾਰੇ ਅਤੇ ਮਾਰਚ ਮਹੀਨੇ ਵਿੱਚ ਹੋਣ ਵਾਲੇ ਬਜਟ ਇਜਲਾਸ ਬਾਰੇ ਚਰਚਾ ਹੋਵੇਗੀ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਗਿਆਨੀ ਰਘਬੀਰ ਸਿੰਘ ਨੇ ਜਲੰਧਰ ਵਿੱਚ ਪੱਤਰਕਾਰ ਸੰਮੇਲਨ ਕਰ ਕੇ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਣਾਲੀ, ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਖ਼ਿਲਾਫ਼ ਗੰਭੀਰ ਦੋਸ਼ ਲਾਏ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰਦੁਆਰਿਆਂ ਦੀਆਂ ਜਾਇਦਾਦਾਂ ਵੇਚਣ ਦੇ ਲਾਏ ਦੋਸ਼ਾਂ ਨੂੰ ਦੋਸ਼ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਨਿਯਮਾਂ ਅਨੁਸਾਰ ਹੋਏ ਹਨ। ਉਨ੍ਹਾਂ ਕਿਹਾ ਕਿ ਸੰਗਤ ਨੂੰ ਗੁਮਰਾਹ ਕਰਨ ਦੇ ਮਾਮਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਨਹੀਂ ਤਾਂ ਮਾਣਹਾਨੀ ਦਾ ਕੇਸ ਕੀਤਾ ਜਾਵੇਗਾ। ਸ੍ਰੀ ਧਾਮੀ ਨੇ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਨੂੰ ਰੱਦ ਕਰਨ ਨੂੰ ਦੁਖਦਾਈ ਦੱਸਿਆ। ਉਨ੍ਹਾਂ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਵੱਲੋਂ ਵੇਚੀ ਜਗ੍ਹਾ ਦੇ ਸਬੰਧ ਵਿੱਚ ਕਿਹਾ ਕਿ ਇਸ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਆਸਟਰੇਲੀਆ ਵਿੱਚ ਇੱਕ ਸਿੱਖ ’ਤੇ ਕੀਤੇ ਹਮਲੇ ਦੀ ਨਿਖੇਧੀ ਕਰਦਿਆਂ ਅਜਿਹੇ ਮਾਮਲਿਆਂ ਵਿੱਚ ਭਾਰਤ ਸਰਕਾਰ ਨੂੰ ਸਬੰਧਤ ਦੇਸ਼ਾਂ ਨਾਲ ਕੂਟਨੀਤਕ ਪੱਧਰ ’ਤੇ ਗੱਲ ਕਰਨ ਵਾਸਤੇ ਕਿਹਾ।
