ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆਖਿਆ ਕਿ ਉਹ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਦਾ 72 ਘੰਟਿਆਂ ਵਿੱਚ ਜਵਾਬ ਦੇਣ। ਜੇ ਅਜਿਹਾ ਨਹੀਂ ਹੁੰਦਾ ਤਾਂ ਉਹ ਇਸ ਸਬੰਧ ਵਿੱਚ ਸੰਗਤ ਸਾਹਮਣੇ ਲਾਏ ਦੋਸ਼ਾਂ ਬਾਰੇ ਖ਼ੁਲਾਸਾ ਕਰਨਗੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਸਬੰਧੀ ਸਬੂਤਾਂ ਸਣੇ ਜਵਾਬ ਦੇਣ ਲਈ 72 ਘੰਟੇ ਦਾ ਸਮਾਂ ਦਿੱਤਾ ਸੀ, ਜੋ ਅੱਜ ਖ਼ਤਮ ਹੋ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਰਧਾਰਤ ਸਮਾਂ ਖ਼ਤਮ ਹੋਣ ਤੱਕ ਸ਼੍ਰੋਮਣੀ ਕਮੇਟੀ ਨੂੰ ਹੈੱਡ ਗ੍ਰੰਥੀ ਵੱਲੋਂ ਭੇਜਿਆ ਕੋਈ ਜਵਾਬ ਨਹੀਂ ਮਿਲਿਆ। ਗਿਆਨੀ ਰਘਬੀਰ ਸਿੰਘ ਨੇ ਇਸ ਸਬੰਧ ਵਿੱਚ ਅੱਜ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਉਨ੍ਹਾਂ ਨੇ ਜਲੰਧਰ ਦੇ ਪ੍ਰੈੱਸ ਕਲੱਬ ਵਿੱਚ ਮੀਡੀਆ ਸਾਹਮਣੇ ਸ਼੍ੋਮਣੀ ਕਮੇਟੀ ਵਿੱਚ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਚੁੱਕੇ ਸਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ 19 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮੀਟਿੰਗ ਕਰ ਕੇ ਸਵਾਲ ਕਰਨ ਵਾਲੇ ਕੋਲੋਂ ਹੀ 72 ਘੰਟਿਆਂ ਵਿੱਚ ਜਵਾਬ ਮੰਗੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਹੈ ਕਿਉਂਕਿ ਉਹ ਅੰਮ੍ਰਿਤਸਰ ਤੋਂ ਬਾਹਰ ਹਨ। ਗਿਆਨੀ ਰਘਬੀਰ ਸਿੰਘ ਨੇ ਸ੍ਰੀ ਧਾਮੀ ਨੂੰ ਆਖਿਆ ਕਿ ਉਨ੍ਹਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿੱਚ ਦਿੱਤੇ ਜਾਣ ਨਹੀਂ ਤਾਂ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਸੰਗਤ ਸਾਹਮਣੇ ਰੱਖਣਗੇ। ਉਨ੍ਹਾਂ ਆਖਿਆ ਕਿ ਸਵਾਲਾਂ ਦੇ ਜਵਾਬ ਉਨ੍ਹਾਂ ਕੋਲ ਹਨ ਅਤੇ ਉਹ ਇੱਕ-ਇੱਕ ਸਵਾਲ ਦਾ ਜਵਾਬ ਸੰਗਤ ਸਾਹਮਣੇ ਰੱਖਣਗੇ। ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ 18 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਵਿੱਚ ਕਥਿਤ ਭ੍ਰਿਸ਼ਟਾਚਾਰ, ਸਿੱਖ ਸੰਸਥਾ ’ਤੇ ਬਾਦਲ ਪਰਿਵਾਰ ਦਾ ਕਬਜ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਕਈ ਮੁੱਦੇ ਚੁੱਕੇ ਸਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਸੀ। ਇਸ ਮਾਮਲੇ ਵਿੱਚ ਅਗਲੇ ਦਿਨ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਲਾਏ ਦੋਸ਼ਾਂ ਦੇ ਜਵਾਬ 72 ਘੰਟਿਆਂ ਵਿੱਚ ਮੰਗੇ ਸਨ। ਅਜਿਹਾ ਨਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਪ੍ਰਵਾਨਗੀ ਦਿੱਤੀ ਸੀ। ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਪਹਿਲਾਂ ਹੀ ਲੰਮੀ ਛੁੱਟੀ ’ਤੇ ਚੱਲ ਰਹੇ ਹਨ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉਨ੍ਹਾਂ ਨੇ ਉਹੀ ਕੁਝ ਆਖਿਆ ਹੈ ਜੋ ਸ਼੍ੋਮਣੀ ਕਮੇਟੀ ਦੇ ਪ੍ਰਧਾਨ ਨੇ ਖ਼ੁਦ ਮੰਨਿਆ ਹੈ ਕਿ ਸੰਸਥਾ ਵਿੱਚ ਰੋਜ਼ ਹੀ 15-20 ਘਪਲੇ ਹੁੰਦੇ ਹਨ। ਇਸ ਬਾਰੇ ਪ੍ਰਧਾਨ ਧਾਮੀ ਨੇ ਭਰੇ ਮਨ ਨਾਲ ਸੰਗਤ ਕੋਲੋਂ ਮੁਆਫ਼ੀ ਵੀ ਮੰਗੀ ਸੀ। ਹੈੱਡ ਗ੍ਰੰਥੀ ਨੇ ਆਖਿਆ ਕਿ ਉਨ੍ਹਾਂ ਵੀ ਉਹੀ ਕੁਝ ਆਖਿਆ ਹੈ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ ਅਤੇ ਉਸ ਨੂੰ ਰੋਕਿਆ ਜਾਵੇ। ਉਨ੍ਹਾਂ ਦੇ ਇਹ ਸਵਾਲ ਸੰਗਤ ਦੇ ਸਾਹਮਣੇ ਰੱਖਣ, ਉਨ੍ਹਾਂ ਦੀ ਤਸੱਲੀ ਕਰਾਉਣ ਅਤੇ ਜਵਾਬ ਦੇਣ ਦੀ ਥਾਂ ’ਤੇ ਸਵਾਲ ਕਰਨ ਵਾਲੇ ਕੋਲੋਂ ਹੀ 72 ਘੰਟਿਆਂ ਦਾ ਸਮਾਂ ਦੇ ਕੇ ਜਵਾਬ ਮੰਗਿਆ ਹੈ।
