ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਨਾਮਜ਼ਦ ਕੀਤੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 10 ਮਾਰਚ ਨੂੰ ਅਪਣੀ ਸੇਵਾ ਸੰਭਾਲਣਗੇ। ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨ ਗਿਆਨੀ ਰਘਬੀਰ ਸਿੰਘ ਦੀਆਂ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਅਤੇ ਗਿਆਨੀ ਸੁਲਤਾਨ ਸਿੰਘ ਦੀਆਂ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ। ਅੰਤ੍ਰਿਗ ਕਮੇਟੀ ਵੱਲੋਂ ਪੰਜਾਬ ਵਿਚਲੇ ਤਿੰਨਾਂ ਤਖ਼ਤਾਂ ਲਈ ਨਵੇਂ ਜਥੇਦਾਰ ਨਾਮਜ਼ਦ ਕੀਤੇ ਗਏ ਹਨ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਗਿਆ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੌਂਪੀ ਗਈ ਹੈ। ਸੰਤ ਟੇਕ ਸਿੰਘ ਧਨੌਲਾ ਨੂੰ ਤਖ਼ਤ ਦਮਦਮਾ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਸਥਿਤ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਸਵੇਰੇ 10 ਵਜੇ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਮੌਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਤਖ਼ਤ ਦੇ ਜਥੇਦਾਰ ਵਜੋਂ ਸੇਵਾ ਸੰਭਾਲਣਗੇ। ਸਮਾਗਮ ਵਿੱਚ ਸਮੂਹ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਦਲ, ਸਿੱਖ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਪੰਥਕ ਆਗੂ, ਸੰਤ-ਮਹਾਪੁਰਸ਼ ਤੇ ਸੰਗਤ ਸ਼ਾਮਲ ਹੋਵੇਗੀ। ਸਕੱਤਰ ਨੇ ਦੱਸਿਆ ਕਿ ਸਮਾਗਮ ਸਬੰਧੀ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ’ਤੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਮੀਟਿੰਗ ਦੌਰਾਨ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਅਕਾਲ ਤਖ਼ਤ ਸਿੱਖ ਪੰਥ ਦਾ ਸਰਵਉੱਚ ਤਖ਼ਤ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਥ ਦੇ ਧਾਰਮਿਕ ਉੱਚ ਅਹੁਦਿਆਂ ’ਤੇ ਬਿਰਾਜਮਾਨ ਜਥੇਦਾਰਾਂ ਨੂੰ ਬਿਨਾਂ ਪੰਥਕ ਸਮਰਥਨ ਦੇ ਅਚਾਨਕ ਬਰਖਾਸਤ ਕਰ ਦੇਣਾ ਨਾ ਸਿਰਫ ਜਥੇਦਾਰਾਂ ਦੇ ਸਨਮਾਨਿਤ ਅਹੁਦਿਆਂ ਦੀ ਸ਼ਾਨ ਨੂੰ ਢਾਹ ਲਗਾ ਰਿਹਾ ਹੈ ਸਗੋਂ ਇਹ ਫੈਸਲੇ ਪੰਥ ਦੇ ਹਿੱਤਾਂ ਲਈ ਵੀ ਠੀਕ ਨਹੀਂ ਹਨ। ਮੀਟਿੰਗ ਵਿਚ ਦੀਵਾਨ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਸਬੰਧੀ ਫੈਸਲੇ ਪੰਥਕ ਸਰਬਸੰਮਤੀ ਅਤੇ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਹੇਠ ਹੋਣੇ ਚਾਹੀਦੇ ਹਨ।