ਗਿਆਨੀ ਕੁਲਦੀਪ ਸਿੰਘ ਗੜਗੱਜ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ: ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ, ਉਹ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ। ਆਪਣੇ ਫੇਸਬੁੱਕ ਪੇਜ ’ਤੇ ਸ੍ਰੀ ਸੰਧਵਾਂ ਨੇ ਲਿਖ਼ਿਆ ਕਿ, ‘‘ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਪਦਵੀ ਬੇਹੱਦ ਉੱਚੀ ਅਤੇ ਸਤਿਕਾਰਯੋਗ ਹੈ। ਪਰ ਐੱਸ ਜੀ ਪੀ ਸੀ ’ਤੇ ਕਾਬਜ਼ ਪਰਿਵਾਰ ਵੱਲੋਂ ਇਸ ਮਹਾਨ ਪਦਵੀ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਣ ਕਾਰਨ ਇਸ ਦੀ ਮਾਣ-ਮਰਿਆਦਾ ਨੂੰ ਭਾਰੀ ਠੇਸ ਪਹੁੰਚੀ ਹੈ।’’ ਉਨ੍ਹਾਂ ਅੱਗੇ ਲਿਖਿਆ ਕਿ, ‘‘ਸਤਿਕਾਰਯੋਗ ਗੜਗੱਜ ਸਾਹਿਬ ਨੂੰ ਬੇਨਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੇ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਬੁਲਾਰੇ ਬਣਨ ਦੀ ਥਾਂ ਸਮੁੱਚੇ ਪੰਥ ਦੇ ਜਥੇਦਾਰ ਦੀ ਭੂਮਿਕਾ ਨਿਭਾਉਣ। ਖ਼ਾਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਜੁੜੇ ਮਸਲੇ ਵਿੱਚ ਦੋਸ਼ੀਆਂ ਖ਼ਿਲਾਫ਼ ਨਾ ਸਿਰਫ਼ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਕੀਤਾ ਜਾਵੇ, ਸਗੋਂ ਪੰਥਕ ਰਹੁ-ਰੀਤਾਂ ਅਨੁਸਾਰ ਵੀ ਸਖ਼ਤ ਐਕਸ਼ਨ ਲਿਆ ਜਾਵੇ। ਜਥੇਦਾਰ ਸਾਹਿਬ ਲਈ ਇਸ ਮੌਕੇ ਜਥੇਦਾਰ ਫੂਲਾ ਸਿੰਘ ਜੀ ਦੀ ਨਿਡਰ ਅਤੇ ਇਨਸਾਫ਼ਪਸੰਦ ਭੂਮਿਕਾ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ।’’ ਜ਼ਿਕਰਯੋਗ ਹੈ ਕਿ ਸੰਧਵਾਂ ਦੀ ਇਹ ਟਿੱਪਣੀ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਦੋਸ਼ ਹੇਠ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ’ਚ ਤਲਬ ਕੀਤਾ ਹੈ। ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਤੋਂ ਆਇਆ ਹਰ ਹੁਕਮ ਸਿਰ ਮੱਥੇ ਹੈ ਅਤੇ ਉਹ ਨੰਗੇ ਪੈਰ ਚੱਲ ਕੇ ਉਥੇ ਹਾਜ਼ਰ ਹੋਣਗੇ।

Scroll to Top