ਖੰਨਾ ਦੇ ਆਨੰਦ ਨਗਰ ਦੀਆਂ ਗਲੀਆਂ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਰੇ ਮਿਲੇ, ਜਿਸ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਕੱਲ ਬਾਅਦ ਦੁਪਹਿਰ ਦੀ ਹੈ ਪਰ ਇਲਾਕੇ ਦੇ ਲੋਕਾਂ ਨੂੰ ਦੇਰ ਸ਼ਾਮ ਪਤਾ ਲੱਗਾ, ਜਿਸ ਦੀ ਸੂਚਨਾ ਸਥਾਨਕ ਪੁਲੀਸ ਨੂੰ ਦਿੱਤੀ ਗਈ। ਡੀਐੱਸਪੀ ਤਰਲੋਚਨ ਸਿੰਘ ਅਤੇ ਡੀਐੱਸਪੀ ਵਿਨੋਦ ਕੁਮਾਰ ਖੰਨਾ ਦੀ ਅਗਵਾਈ ਵਿੱਚ ਪੁਲੀਸ ਨੇ ਜਦੋਂ ਕਾਰਵਾਈ ਕਰਦਿਆਂ ਇਸ ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਤਾਂ ਇੱਕ 11-12 ਸਾਲਾਂ ਦਾ ਪਰਵਾਸੀ ਲੜਕਾ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਅੰਗ ਪਾੜ ਕੇ ਸੜਕਾਂ ’ਤੇ ਖਿਲਾਰਦਾ ਨਜ਼ਰ ਆਇਆ। ਇਹ ਵੀ ਪਤਾ ਲੱਗਾ ਕਿ ਇਸ ਬੱਚੇ ਦੇ ਨਾਲ ਦੋ ਹੋਰ ਵੀ ਬੱਚੇ ਸ਼ਾਮਿਲ ਸਨ। ਇਸ ਸਬੰਧੀ ਇਲਾਕੇ ਦੇ ਕਾਂਗਰਸੀ ਕੌਂਸਲਰ ਨੀਨੂੰ, ਇਲਾਕੇ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ, ਨਵਤੇਜ ਸਿੰਘ ਖੱਟੜਾ, ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ, ਆਪ ਆਗੂ ਰਜਿੰਦਰ ਸਿੰਘ ਜੀਤ ਆਦਿ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਹਨਾਂ ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਬੱਚਿਆਂ ਵੱਲੋਂ ਪਾੜੇ ਗਏ ਨਵੇਂ ਨਕੋਰ ਗੁਟਕਾ ਸਾਹਿਬ ਪਿੱਛੇ ਜ਼ਰੂਰ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਦੂਜੇ ਪਾਸੇ ਸਥਾਨਕ ਪੁਲੀਸ ਨੇ ਇਸ ਮਾਮਲੇ ਵਿੱਚ ਝੋਪੜੀਆਂ ‘ਚ ਰਹਿ ਰਹੇ ਤਿੰਨ ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
