ਬਾਗਬਾਨੀ ਵਿਭਾਗ ਪੰਜਾਬ ਵਿੱਚ ਕੰਮ ਕਰ ਰਹੇ ਬਾਗਬਾਨੀ ਸਬ-ਇੰਸਪੈਕਟਰ, ਦਰਜਾ ਚਾਰ ਅਤੇ ਐੱਨਐੱਚਐੱਮ ਸਕੀਮ ਅਧੀਨ ਆਊਟ-ਸੋਰਸਿੰਗ ਸਟਾਫ਼ ਨੇ ਮੁਹਾਲੀ ਵਿਚ ਬਾਗਬਾਨੀ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਕੱਚੇ ਕਾਮਿਆਂ ਨੇ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਸਰਾਂ ਨੇ ਕਿਹਾ ਕਿ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਤਰਲੇ ਕੱਢਦੇ ਆ ਰਹੇ ਹਨ ਪਰ ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਇਸ ਵਾਰ ‘ਆਪ’ ਸਰਕਾਰ ਤੋਂ ਇਨਸਾਫ਼ ਦੀ ਆਸ ਸੀ ਪਰ ਪਿਛਲੇ ਤਿੰਨ ਸਾਲਾਂ ਵਿੱਚ ‘ਆਪ’ ਸਰਕਾਰ ਨੇ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਅਕਸਰ ਹੀ ਕਹਿੰਦੇ ਹਨ ਕਿ ਧਰਨੇ ਤੇ ਮੁਜ਼ਾਹਰੇ ਕਿਸੇ ਮਸਲੇ ਦਾ ਹੱਲ ਨਹੀਂ ਪਰ ਮੁੱਖ ਮੰਤਰੀ ਮੇਜ਼ ’ਤੇ ਬੈਠ ਕੇ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ ਤਾਂ ਅਜਿਹੇ ਵਿੱਚ ਮੁਲਾਜ਼ਮ ਕਿੱਥੇ ਜਾਣ। ਉਨ੍ਹਾਂ ਕਿਹਾ ਕਿ ਪਨਬੱਸ ਟਰਾਂਸਪੋਰਟ ਵਿਭਾਗ, ਜਲ ਸਰੋਤ ਵਿਭਾਗ, ਸਿੱਖਿਆ ਵਿਭਾਗ ਦੇ ਆਊਟ-ਸੋਰਸਿੰਗ ਸਟਾਫ਼ ਦੀ ਤਰਜ਼ ’ਤੇ ਬਾਗਬਾਨੀ ਵਿਭਾਗ ਵਿੱਚ ਕੰਮ ਕਰਦੇ ਐੱਨਐੱਚਐੱਮ ਆਊਟ-ਸੋਰਸਿੰਗ ਸਟਾਫ਼ ਦੀਆਂ ਤਨਖ਼ਾਹਾਂ ਵਿੱਚ ਵਾਧਾ ਅਤੇ ਇੰਕਰੀਮੈਂਟ ਲਗਾਉਣ ਦੀ ਪਾਲਿਸੀ ਬਣਾਉਣਾ, ਬਾਗਬਾਨੀ ਸਬ-ਇੰਸਪੈਕਟਰਾਂ ਦੀ ਪਦ-ਉੱਨਤੀ, ਦਰਜਾ ਚਾਰ ਦੀਆਂ ਤਰੱਕੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਮੌਕੇ ਕਨਵੀਨਰ ਮਨਜੀਤ ਸਿੰਘ ਸੈਣੀ, ਮੀਤ ਪ੍ਰਧਾਨ ਗੁਰਦਿਆਲ ਸਿੰਘ, ਸਕੱਤਰ ਸਚਿਨ ਸਹਿਗਲ, ਕੈਸ਼ੀਅਰ ਦੀਪਕ ਪਾਲ ਸਿੰਘ ਭੰਡਾਲ, ਮੀਡੀਆ ਸਲਾਹਕਾਰ ਮਨਜੀਤ ਕੁਮਾਰ ਅਤੇ ਕਾਰਜਕਾਰੀ ਮੈਂਬਰ ਬਰਿੰਦਰਜੀਤ ਸਿੰਘ, ਗੀਤਿਕਾ ਧਵਨ, ਦਲਜੀਤ ਸਿੰਘ ਮੌਜੂਦ ਸਨ।