ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ

ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਸਬੰਧੀ ਅਮਰਪ੍ਰੀਤ ਸਿੰਘ ਪੰਜਕੋਹਾ ਅਤੇ ਜਸਵੰਤ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਪੈਦਲ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਨੇੜੇ ਬੱਸ ਸਟੈਂਡ ਖਮਾਣੋਂ ਤੋਂ ਹੋਈ ਅਤੇ ਇਹ ਰੋਸ ਮਾਰਚ ਬਾਜ਼ਾਰ ਰਾਹੀਂ ਹੁੰਦਾ ਹੋਇਆ ਐੱਸਡੀਐੱਮ ਦਫ਼ਤਰ ਖਮਾਣੋਂ ਪਹੁੰਚਿਆ, ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਤੇ ਉਪਰੋਕਤ ਮਸਲਿਆਂ ਸਬੰਧੀ ਇਕ ਮੰਗ ਪੱਤਰ ਐੱਸਡੀਐੱਮ ਖਮਾਣੋਂ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਜੋ ਕਿ ਬਲਾਕ ਵਿਕਾਸ ਅਫ਼ਸਰ ਖਮਾਣੋਂ ਪਰਮਵੀਰ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਇਕੱਤਰ ਹੋਏ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ ਉਪਰੋਕਤ ਮਸਲਿਆਂ ਸਬੰਧੀ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿੱਖ ਕੌਮ ਅਤੇ ਪੰਜਾਬੀਆਂ ਦਾ ਸਾਂਝਾ ਮਸਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਕੌਮ ਦੀਆਂ ਮੰਗਾਂ ਨੂੰ ਦੋਵੇਂ ਸਰਕਾਰਾਂ ਪੰਜਾਬ ਅਤੇ ਕੇਂਦਰ ਸਰਕਾਰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰ ਰਹੀਆਂ ਹਨ ਅਤੇ ਸਾਨੂੰ ਸਭਨਾਂ ਨੂੰ ਇਕੱਠੇ ਹੋ ਕੇ ਇਨ੍ਹਾਂ ਮੰਗਾ ਨੂੰ ਮਨਵਾਉਣ ਲਈ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਸ਼ਿੰਗਾਰਾ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੁਖਦੇਵ ਸਿੰਘ ਗਗੜਵਾਲ ਬਲਾਕ ਪ੍ਰਧਾਨ ਮਾਨ ਦਲ, ਸਰਬਜੀਤ ਸਿੰਘ ਅਮਰਾਲਾ ਕਿਸਾਨ ਆਗੂ, ਜਗਤਾਰ ਸਿੰਘ ਮਹੇਸ਼ਪੁਰਾ ਕਿਸਾਨ ਆਗੂ, ਉੱਤਮ ਸਿੰਘ ਬਰਵਾਲੀ ਕਿਸਾਨ ਆਗੂ, ਜਰਨੈਲ ਸਿੰਘ ਜਟਾਣਾਂ ਨੀਵਾਂ, ਗੁਰਦੀਪ ਸਿੰਘ ਘੁਮਾਣ, ਭਗਤ ਸਿੰਘ ਪੰਜਕੋਹਾ, ਬਲਬੀਰ ਸਿੰਘ ਬੋਰੋਪਰ, ਗੁਰਜਾਪ ਸਿੰਘ ਸਿੱਧੂਪਰ ਹਾਜ਼ਰ ਸਨ।

Scroll to Top