ਕੇਜਰੀਵਾਲ ਵੱਲੋਂ ਪਾਰਟੀ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਤਰਨ ਤਾਰਨ ਦੇ ਲੋਕਾਂ ਨੂੰ ਤਿੰਨ ਵੱਡੀਆਂ ਗਾਰੰਟੀਆਂ ਦਿੱਤੀਆਂ ਹਨ, ਜਿਨ੍ਹਾਂ ’ਚ ਜੰਡਿਆਲਾ ਰੋਡ ’ਤੇ ਫਲਾਈਓਵਰ ਬਣਾਉਣਾ, ਕੁੜੀਆਂ ਲਈ ਕਾਲਜ ਬਣਾਉਣਾ ਤੇ ਪੰਜਾਬ ਨੂੰ ਗੈਂਗਸਟਰ ਮੁਕਤ ਕਰਨਾ ਸ਼ਾਮਲ ਹੈ। ਉਨ੍ਹਾਂ ਅੱਜ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਤੀਜੇ ਆਉਣ ਤੋਂ ਅਗਲੇ ਹੀ ਦਿਨ ਫਲਾਈਓਵਰ ਦੀ ਫਾਈਲ ’ਤੇ ਦਸਤਖ਼ਤ ਕਰਨਗੇ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ, “ਇਹ ਕਾਂਗਰਸ ਦੀ ਸੋਚ ਨੂੰ ਦਰਸਾਉਂਦਾ ਹੈ।” ਉਨ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੜੀਆਂ ਲਈ ਕਾਲਜ ਖੋਲ੍ਹਿਆ ਜਾਵੇਗਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸੀਨੀਅਰ ਆਗੂ ਕਈ ਵਾਰ ਹਲਕੇ ਵਿੱਚ ਆ ਚੁੱਕੇ ਹਨ ਪਰ ਕੇਜਰੀਵਾਲ ਦਾ ਇਹ ਪਹਿਲਾ ਦੌਰਾ ਸੀ। ਇਸ ਦੇ ਨਾਲ ਹੀ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਜਰੀਵਾਲ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕੀਤਾ ਸੀ ਪਰ ਉਹ ਆਪਣੀ ਸਰਕਾਰ ਦੇ ਰਾਜ ਵਿੱਚ ਨਸ਼ੇ ’ਤੇ ਕਾਬੂ ਨਹੀਂ ਪਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਬਾਰ ਐਸੋਸੀਏਸ਼ਨ ਦੇ ਦਫ਼ਤਰ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, “ਕੌਮੀ ਪਾਰਟੀਆਂ ਲਈ ਪੰਜਾਬ ਸਿਰਫ਼ ਸੂਬਾ ਹੈ ਪਰ ਸਾਡੇ ਲਈ ਘਰ ਹੈ।” ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਇੱਕੋ-ਇੱਕ ਅਜਿਹੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਲਈ ਖੜ੍ਹੀ ਰਹੀ ਹੈ। ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਹਰ ਵਰਗ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਚੋਣ ਜਿੱਤਣ ਲਈ ਝੂਠੇ ਕੇਸ ਦਰਜ ਕਰ ਕੇ ਵੋਟਰਾਂ ਤੇ ਵਿਰੋਧੀ ਉਮੀਦਵਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ’ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ, “ਜਿਵੇਂ ਕਾਂਗਰਸ ਨੇ ਦਲਿਤਾਂ ਦਾ ਅਪਮਾਨ ਕੀਤਾ, ਹੁਣ ਉਹ ਗੁਰੂ ਤੇਗ ਬਹਾਦਰ ਜੀ ਤੇ ਭਾਈ ਜੀਵਨ ਸਿੰਘ ਦੀ ਬੇਅਦਬੀ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਮੰਚਾਂ ਉੱਤੇ ਗੁਰੂ ਸਾਹਿਬ ਦੇ ਚਿੱਤਰਾਂ ’ਤੇ ਆਪਣੇ ਨੇਤਾਵਾਂ ਦੀਆਂ ਤਸਵੀਰਾਂ ਲਾ ਕੇ ਕੌਮ ਦਾ ਦਿਲ ਦੁਖਾਇਆ ਹੈ।

Scroll to Top