ਕਿਸਾਨ ਆਗੂ ਡੱਲੇਵਾਲ ਦੀ ਹਾਲਤ ਨਾਜ਼ੁਕ: ਡਾਕਟਰ

ਖਨੌਰੀ ਬਾਰਡਰ ਉੱਤੇ ਪਿਛਲੇ 24 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਡੱਲੇਵਾਲ ਅੱਜ ਸਵੇਰੇ ਇਸ਼ਨਾਨ ਕਰਨ ਮੌਕੇ ਡਿੱਗ ਪਏ ਸਨ ਤੇ ਉਹ 8 ਤੋਂ 10 ਮਿੰਟ ਤੱਕ ਬੇਹੋਸ਼ ਰਹੇ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਖਨੌਰੀ ਬਾਰਡਰ ਉੱਤੇ ਡੱਲੇਵਾਲ ਦੀ ਨਿਗਰਾਨੀ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਕਿਸਾਨ ਆਗੂ ਨੂੰ ਦਿਲ ਦਾ ਦੌਰਾ ਪੈਣ ਤੇ ਸਰੀਰ ਦੇ ਕਈ ਅੰਗ ਫੇਲ੍ਹ ਹੋਣ ਦਾ ਵੱਡਾ ਜੋਖ਼ਮ ਹੈ। ਡਾਕਟਰਾਂ ਨੇ ਖਨੌਰੀ ਬਾਰਡਰ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 24 ਦਿਨਾਂ ਤੋਂ ਕੁਝ ਨਹੀਂ ਖਾਧਾ…‘ਇਸ ਕਰਕੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦੇ ਸਰੀਰ ਦੇ ਕਈ ਅੰਗ ਫੇਲ੍ਹ ਹੋਣ ਤੇ ਦਿਲ ਦਾ ਦੌਰਾ ਪੈਣ ਦਾ ਜੋਖ਼ਮ ਹੈ। ਅਸੀਂ ਉਨ੍ਹਾਂ ਦੀ ਨਿਯਮਤ ਜਾਂਚ ਕਰ ਰਹੇ ਹਾਂ।’’ ਡਾਕਟਰੀ ਟੀਮ ਵਿਚ ਸ਼ਾਮਲ ਅਭੀਰਾਜ ਨੇ ਕਿਹਾ, ‘‘ਅੱਜ ਵੀ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਡਿੱਗਿਆ। ਅਸੀਂ ਉਨ੍ਹਾਂ ਦੀਆਂ ਲੱਤਾਂ ਦੀ ਮਸਾਜ ਕੀਤੀ। ਉਨ੍ਹਾਂ ਦੀ ਹਾਲਾਤ ਬੇਹੱਦ ਨਾਜ਼ੁਕ ਹੈ।’’ ਡਾਕਟਰ ਨੇ ਕਿਹਾ, ‘ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਹਾਲ ਦੀ ਘੜੀ ਕੀਟੋਨਸ ਦਾ ਪੱਧਰ ਵਧਿਆ ਹੋਇਆ ਹੈ। ਇਲੈਕਟ੍ਰੋਲਾਈਟ ਦਾ ਤਵਾਜ਼ਨ ਵਿਗੜਨ ਕਰਕੇ ਉਨ੍ਹਾਂ ਨੂੰ ਕਿਸੇ ਵੇਲੇ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।’’ ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ। ਕੋਹਾੜ ਨੇ ਕਿਹਾ, ‘‘ਉਹ ਸਵੇਰੇ ਇਸ਼ਨਾਨ ਪਾਣੀ ਲਈ ਗਏ ਸਨ। ਬਾਹਰ ਆਉਣ ਮਗਰੋਂ ਉਨ੍ਹਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਚੱਕਰ ਆਇਆ, ਉਹ ਡਿੱਗ ਪਏ, ਉਲਟੀ ਆਈ ਤੇ ਉਹ 8-10 ਮਿੰਟ ਲਈ ਬੇਸੁੱਧ ਹੋ ਗਏ।’’ ਡਾਕਟਰਾਂ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਿਆ, ਪਰ ਉਨ੍ਹਾਂ ਦੀ ਹਾਲਤ ਗੰਭੀਰ ਹੈ। ਕੋਹਾੜ ਨੇ ਕਿਹਾ ਕਿ ਡੱਲੇਵਾਲ ਬਾਅਦ ਦੁਪਹਿਰ 2:20 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਪਰੀਮ ਕੋਰਟ ਵਿਚ ਚੱਲ ਰਹੀ ਸੁਣਵਾਈ ’ਚ ਸ਼ਾਮਲ ਹੋਏ। ਉਹ ਕਰੀਬ 12 ਤੋਂ 15 ਮਿੰਟ ਲਈ ਸੁਣਵਾਈ ਨਾਲ ਜੁੜੇ ਰਹੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਹਰਿਆਣਾ ਦੀਆਂ ਖਾਪਾਂ ਦੇ ਕਈ ਆਗੂਆਂ ਨੇ ਅੱਜ ਖਨੌਰੀ ਬਾਰਡਰ ਉੱਤੇ ਪੁੱਜ ਕੇ ਡੱਲੇਵਾਲ ਦੀ ਸਿਹਤ ਦੀ ਖ਼ਬਰਸਾਰ ਲਈ। ਇਸ ਦੌਰਾਨ ਸਤਰੋਦ ਖਾਪ ਦੇ ਆਗੂ ਸਤੀਸ਼ ਕੁਮਾਰ ਨੇ ਕਿਹਾ ਕਿ ਹਿਸਾਰ ਵਿਚ 29 ਦਸੰਬਰ ਨੂੰ ‘ਮਹਾਪੰਚਾਇਤ’ ਕਰਕੇ ਅਗਲੇਰੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ। ਕੁਮਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮਸਲਿਆਂ ਦੇ ਹੱਲ ਲਈ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰੇ।

Scroll to Top