ਕਿਸਾਨ ਆਗੂਆਂ ਦੀ ਰਿਹਾਈ ਲਈ ਅਲਟੀਮੇਟਮ

ਇਥੇ ਬੀ ਕੇ ਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਜਥੇਬੰਦੀ ਦੀ ਸੂਬਾ ਕਮੇਟੀ ਆਗੂ ਟੀਮ ਨਾਲ ਪ੍ਰੈੱਸ ਕਾਨਫਰੰਸ ਕੀਤੀ। ਸ੍ਰੀ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਤ ਜੇਲ੍ਹ ’ਚ ਡੱਕੇ ਕਿਸਾਨ ਆਗੂਆਂ ਬਲਦੇਵ ਸਿੰਘ ਚਾਓਕੇ ਤੇ ਸ਼ਗਨਦੀਪ ਸਿੰਘ ਜਿਉਂਦ ’ਤੇ ਪੰਜਾਬ ਸਰਕਾਰ ਨੇ ਪੁਲੀਸ ਰਾਹੀਂ ਅੰਨੇ ਜਬਰ ਦਾ ਰਾਹ ਅਖ਼ਤਿਆਰ ਕੀਤਾ ਹੋਇਆ ਹੈ। ਮਸਲਾ ਹੱਲ ਕਰਨ ਦੀ ਬਜਾਏ ਬਠਿੰਡਾ ਪ੍ਰਸ਼ਾਸਨ ਅਤੇ ਸਰਕਾਰ ਸਮਝੌਤੇ ਤੋਂ ਮੁੱਕਰੇ ਹੀ ਇਸੇ ਲਈ ਹਨ ਕਿ ਜਬਰ ਕਰਨ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਰਿਹਾਈ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਅਰਜ਼ੀ ਮੰਗੀ ਗਈ ਸੀ, ਜੋ ਜਥੇਬੰਦੀ ਵੱਲੋਂ ਦਿੱਤੀ ਜਾ ਚੁੱਕੀ ਹੈ। ਦੋਵਾਂ ਕਿਸਾਨ ਆਗੂਆਂ ਨੂੰ ਜੇਲ੍ਹ ’ਚੋਂ ਰਿਹਾਅ ਕਰਾਉਣ ਲਈ ਵੱਖ-ਵੱਖ ਰੂਪਾਂ ਵਿੱਚ ਚੱਲ ਰਹੇ ਸੰਘਰਸ਼ ਨੂੰ 14 ਫਰਵਰੀ ਤੱਕ ਮੁਲਤਵੀ ਕੀਤਾ ਜਾਂਦਾ ਹੈ ਤਾਂ ਕਿ ਇੱਕ ਤਾਂ ਸਰਕਾਰ ਨੂੰ ਹੋਰ ਸਮਾਂ ਦਿੱਤਾ ਜਾ ਸਕੇ, ਦੂਜਾ ਲੋਕਾਂ ਨੂੰ ਗੱਲ ਸਾਫ਼ ਹੋ ਸਕੇ। ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੇ ਜੇਲ੍ਹ ਡੱਕੇ ਕਿਸਾਨ ਆਗੂਆਂ ਨੂੰ 14 ਫ਼ਰਵਰੀ ਤੱਕ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਉਸੇ ਦਿਨ ਹੀ ਹੰਗਾਮੀ ਮੀਟਿੰਗ ਕਰ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਅਤੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ’ਤੇ ਵਾਰ-ਵਾਰ ਸਮਝੌਤੇ ਕਰ ਕੇ ਮੁੱਕਰਨ ਦੇ ਦੋਸ਼ ਵੀ ਲਾਏ। ਆਗੂਆਂ ਨੇ ਦੱਸਿਆ ਕਿ ਕਿਸਾਨ ਆਗੂ ਬਲਦੇਵ ਸਿੰਘ ਚਾਓਕੇ ਤੇ ਸ਼ਗਨਦੀਪ ਸਿੰਘ ਨੂੰ ਪੰਜ ਅਪਰੈਲ 2025 ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ, ਜਿਨ੍ਹਾਂ ਨੇ ਚਾਓਕੇ ਸਕੂਲ ਵਿੱਚ ਹੋ ਰਹੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜ ਰਹੇ ਅਧਿਆਪਕਾਂ ਦੀ ਹਮਾਇਤ ਕੀਤੀ ਸੀ ਅਤੇ ਪਿੰਡ ਜਿਉਂਦ ਵਿੱਚ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਸਨ ਪਰ ਇਨ੍ਹਾਂ ਆਗੂਆਂ ਨੂੰ ਝੂਠੇ ਕੇਸ ’ਚ ਲਗਾਤਾਰ ਬੰਦ ਕੀਤਾ ਹੋਇਆ। ਉਨ੍ਹਾਂ ਦੇ ਕੇਸ ਨੂੰ ਅਦਾਲਤ ਵਿੱਚ ਚਾਰਜ ’ਤੇ ਲਾਉਣ ਤੋਂ ਬਾਅਦ ਵੀ ਬਹਿਸ ’ਤੇ ਨਹੀਂ ਲਗਾਇਆ ਜਾ ਰਿਹਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਤੇ ਹਰਦੀਪ ਸਿੰਘ ਟੱਲੇਵਾਲ ਤੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਆਗੂ ਹਾਜ਼ਰ ਸਨ।

1 thought on “ਕਿਸਾਨ ਆਗੂਆਂ ਦੀ ਰਿਹਾਈ ਲਈ ਅਲਟੀਮੇਟਮ”

  1. Pingback: rubiscore ESO build guide

Comments are closed.

Scroll to Top