ਕਿਸਾਨੀ ਮੰਗਾਂ ਦੀ ਪੂਰਤੀ ਲਈ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਜਾਰੀ ਸੰਘਰਸ਼ ਤਹਿਤ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਭਲਕੇ 18 ਦਸੰਬਰ ਨੂੰ ਪੰਜਾਬ ਭਰ ’ਚ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਤਿੰਨ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ 23 ਜ਼ਿਲ੍ਹਿਆਂ ਵਿੱਚ ਕਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਮੋਰਚਿਆਂ ਨਾਲ ਜੁੜੇ ਕਿਸਾਨਾਂ ਰਾਹੀਂ ਇਸ ਸਬੰਧੀ ਆਮ ਲੋਕਾਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਕਿਸਾਨ ਆਗੂਆਂ ਨੇ ਰੇਲ ਰੋਕੋ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਜਤਾਈ ਹੈ। ਕਿਸਾਨ ਅੰਦੋਲਨ ਦੇ ਪ੍ਰਬੰਧਕਾਂ ਦਾ ਵੀ ਇਹੀ ਕਹਿਣਾ ਹੈ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਅਤੇ ਇਕਜੁੱਟਤਾ ਦੇਸ਼ ਦੀ ਹਕੂਮਤ ਨੂੰ ਝੁਕਣ ਲਈ ਮਜਬੂਰ ਕਰ ਸਕਦੀ ਹੈ। ਉਧਰ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਰੇਲਾਂ ਦੇ ਚੱਕਾ ਜਾਮ ਤਹਿਤ ਅੰਮ੍ਰਿਤਸਰ ਵੱਲ ਗਏ ਹੋਏ ਹਨ ਜਿਸ ਕਰਕੇ ਇਸ ਐਕਸ਼ਨ ਦੀ ਤਿਆਰੀ ਵਜੋਂ ਅੱਜ ਸ਼ੰਭੂ ਬਾਰਡਰ ’ਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਮੀਟਿੰਗ ਕੀਤੀ। ਮੀਟਿੰਗ ਵਿੱਚ ਜਸਵਿੰਦਰ ਲੌਂਗੋਵਾਲ, ਬਲਦੇਵ ਜੀਰਾ, ਮਨਜੀਤ ਰਾਏ, ਤੇਜਵੀਰ ਪੰਜੋਖਰਾ, ਬਲਕਾਰ ਬੈਂਸ, ਸਾਹਿਬ ਸਿੰਘ, ਸਵਿੰਦਰ ਚਤਾਲਾ, ਜਸਬੀਰ ਪਿੱਦੀ, ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਹਰਪ੍ਰੀਤ ਸਿੰਘ, ਸੁਖਚੈਨ ਸਿੰਘ ਅਤੇ ਬਿਹਾਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ। ਸੁਰਜੀਤ ਫੂਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਖੇਤਰਾਂ ਵਿਚੋਂ ਦੀ ਲੰਘਦੀ ਹਰੇਕ ਰੇਲਵੇ ਲਾਈਨ ’ਤੇ ਧਰਨਾ ਦੇਣ। ਉਨ੍ਹਾਂ ਰੇਲਵੇ ਸਟੇਸ਼ਨਾਂ ਅਤੇ ਫਾਟਕਾਂ ’ਤੇ ਵੀ ਵਧੇਰੇ ਧਰਨੇ ਲਾਉਣ ’ਤੇ ਜ਼ੋਰ ਦਿਤਾ।