ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਨੇ ਅੱਜ ਸੂਬੇ ਵਿੱਚ 200 ਤੋਂ ਵੱਧ ਥਾਵਾਂ ’ਤੇ ਧਰਨੇ ਲਾ ਕੇ ਸੜਕ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਕੀਤੀ। ਇਸ ਦੌਰਾਨ ਪੰਜਾਬ ਦੇ ਸਾਰੇ ਬਾਜ਼ਾਰ, ਮੰਡੀਆਂ ਤੇ ਨਿੱਜੀ ਖੇਤਰ ਨਾਲ ਜੁੜੇ ਦਫ਼ਤਰ ਸਾਰੇ ਬੰਦ ਰਹੇ ਹਨ। ਕਿਸਾਨ ਆਗੂਆਂ ਨੇ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਖੁੱਲ੍ਹੀਆਂ ਦੁਕਾਨਾਂ, ਸਰਕਾਰੀ ਤੇ ਨਿੱਜੀ ਦਫ਼ਤਰਾਂ ਨੂੰ ਵੀ ਬੰਦ ਕਰਵਾਇਆ ਗਿਆ। ਇਸ ਦੌਰਾਨ ਵਿਆਹ ਸ਼ਾਦੀਆਂ ਵਾਲਿਆਂ ਤੇ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ਪੰਜਾਬ ਬੰਦ ਦੌਰਾਨ ਲਾਏ ਰੋਸ ਧਰਨਿਆਂ ਵਿਚ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ, ਬਜ਼ੁਰਗ ਤੇ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਬੰਦ ਕਰਕੇ ਸੂਬੇ ਵਿੱਚ 170 ਦੇ ਕਰੀਬ ਰੇਲ ਗੱਡੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ 550 ਦੇ ਕਰੀਬ ਬੱਸਾਂ ਨਹੀਂ ਚੱਲੀਆਂ। ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਵਾਉਣ ਸਮੇਂ ਪਟਿਆਲਾ, ਲੁਧਿਆਣਾ, ਜਲੰਧਰ, ਫਰੀਦਕੋਟ ਤੇ ਹੋਰਨਾਂ ਕਈ ਥਾਵਾਂ ’ਤੇ ਕਿਸਾਨਾਂ ਅਤੇ ਵਪਾਰੀਆਂ ਵਿੱਚ ਤਕਰਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੀ ‘ਪੰਜਾਬ ਬੰਦ’ ਦੇ ਚਲਦਿਆਂ ਖੱਜਲ-ਖੁਆਰ ਹੋਣਾ ਪਿਆ ਹੈ।.