ਕਿਸਾਨਾਂ ਦੀਆਂ ਮੰਗਾਂ ਸਰਕਾਰ ਦੇ ਏਜੰਡੇ ’ਤੇ ਨਹੀਂ: ਡੱਲੇਵਾਲ

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕਿਸਾਨੀ ਮੰਗਾਂ ਮੰਨਵਾਉਣ ਲਈ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਮੁਹਾਲੀ ਵਿੱਚ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਵੱਲੋਂ ਸਹਿਕਾਰੀ ਬੈਂਕਾਂ ਵੱਲੋਂ ਦਿੱਤੇ ਜਾਂਦੇ ਕਰਜ਼ੇ ਸਮੇਂ ਕਿਸਾਨਾਂ ਤੋਂ ਹਾਸਲ ਕੀਤੇ ਜਾਂਦੇ ਖਾਲੀ ਚੈੱਕ ਵਾਪਸ ਕਰਨ ਅਤੇ ਕਿਸਾਨਾਂ ਦੇ ਕਰਜ਼ਿਆਂ ਨੂੰ ਮੋੜਨ ਲਈ ਇੱਕਮੁਸ਼ਤ ਸੈਟਲਮੈਂਟ ਲਾਗੂ ਕਰਾਉਣ ਲਈ ਇਹ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਸੈਂਕੜੇ ਕਿਸਾਨ ਸ਼ਾਮਲ ਹੋਏ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸਹਿਕਾਰਤਾ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਤਰਤਾ ਮਗਰੋਂ ਚੰਡੀਗੜ੍ਹ ਨੂੰ ਕੂਚ ਕੀਤਾ ਗਿਆ ਪਰ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਨੇ ਕਿਸਾਨਾਂ ਨੂੰ ਮੀਟਿੰਗ ਲਈ ਮਨਾਉਣਾ ਆਰੰਭ ਕਰ ਦਿੱਤਾ। ਐੱਸ ਪੀ ਰਮਨਦੀਪ ਸਿੰਘ, ਡੀ ਐੱਸ ਪੀ ਹਰਸਿਮਰਨ ਸਿੰਘ ਬੱਲ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਡੱਲੇਵਾਲ ਅਤੇ ਮਾਨ ਸਿੰਘ ਰਾਜਪੁਰਾ ਦੀ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੈਅ ਕਰਵਾਈ। ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਏਜੰਡੇ ’ਤੇ ਕਿਸਾਨਾਂ ਦੀ ਕੋਈ ਮੰਗ ਹੀ ਨਹੀਂ ਹੈ, ਜਿਸ ਕਰ ਕੇ ਕਿਸਾਨਾਂ ਨੂੰ ਮਜਬੂਰਨ ਧਰਨਿਆਂ ਲਈ ਚੰਡੀਗੜ੍ਹ ਆਉਣਾ ਪੈਂਦਾ ਹੈ। ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਸਹਿਕਾਰੀ ਸਭਾਵਾਂ ਦੀ ਰਜਿਸਟਰਾਰ ਸੇਨੂ ਦੁੱਗਲ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਹੈ। ਉਨ੍ਹਾਂ ਖਾਲੀ ਚੈੱਕਾਂ ਵਾਲੇ ਮਾਮਲੇ ਸਬੰਧੀ ਕਿਸਾਨਾਂ ਦੀ ਮੌਜੂਦਗੀ ਵਾਲੀ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਇੱਕਮੁਸ਼ਤ ਸੈੱਟਲਮੈਂਟ ਸਕੀਮ ਬਾਰੇ ਸਰਕਾਰ ਨੂੰ ਪੱਤਰ ਲਿਖਣ ਜਾਣ ਦੀ ਗੱਲ ਆਖੀ। ਇਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ। ਇਸ ਮੌਕੇ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ, ਤਰਲੋਚਨ ਸਿੰਘ ਨੰਡਿਆਲੀ, ਜਸਵਿੰਦਰ ਸਿੰਘ ਟਿਵਾਣਾ ਆਦਿ ਹਾਜ਼ਰ ਸਨ।

Scroll to Top