ਅਮਰੀਕਾ ਨਾਲ ਵਪਾਰ ਸਮਝੌਤਾ ਖੇਤੀ ’ਤੇ ਵੱਡਾ ਹਮਲਾ: ਡੱਲੇਵਾਲ

ਕਿਸਾਨ ਮੋਰਚਾ ਗ਼ੈਰ-ਸਿਆਸੀ ਵੱਲੋਂ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦਾ ਅੱਜ ਫਗਵਾੜਾ ਪੁੱਜਣ ’ਤੇ ਬੀ ਕੇ ਯੂ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਕਿਸਾਨਾਂ ਨੇ ਸ਼ੂਗਰ ਮਿੱਲ ਚੌਕ ਜੀ ਟੀ ਰੋਡ ’ਤੇ ਸੁਆਗਤ ਕੀਤਾ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ, ਅਭਿਮਨਿਯੂ ਕੋਹਾੜ, ਸਤਨਾਮ ਸਿੰਘ ਬਹਿਰੂ, ਜਸਵੀਰ ਸਿੰਘ ਸਿੱਧੂਪੁਰ, ਅਰੁਣ ਪਟੇਲ ਮੱਧ ਪ੍ਰਦੇਸ਼, ਰਾਜਵੀਰ ਸਿੰਘ ਯੂ ਪੀ, ਸੋਨਵੀਰ ਚੌਧਰੀ ਯੂ ਪੀ, ਨਿਤਿਨ ਬਲਿਆਨ ਯੂ ਪੀ, ਇੰਦਰਜੀਤ ਪੰਨੀਵਾਲਾ ਰਾਜਸਥਾਨ ਅਤੇ ਹਰਸ਼ਦੀਪ ਸਿੰਘ ਹਰਿਆਣਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਹੋਣ ਵਾਲਾ ਮੁਕਤ ਵਪਾਰ ਸਮਝੌਤਾ ਭਾਰਤ ਦੇ ਕਿਸਾਨਾਂ ਅਤੇ ਖੇਤੀਬਾੜੀ ਉੱਪਰ ਵੱਡਾ ਹਮਲਾ ਹੈ। ਇਸ ਦਾ ਸਮੂਹ ਕਿਸਾਨਾਂ ਨੂੰ ਮਿਲ ਕੇ ਮੁਕਾਬਲਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਦੇਸ਼ ਭਰ ਤੋਂ ਲੱਖਾਂ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ਪਹੁੰਚ ਕੇ ਭਾਰਤ ਸਰਕਾਰ ਉੱਪਰ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਇਸ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਣ ਲਈ ਦਬਾਅ ਬਣਾਉਣ ਵਿੱਚ ਸਫਲ ਹੋਣਗੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਅਤੇ ਦਲਵਿੰਦਰ ਸਿੰਘ ਚੱਕ ਮੰਡੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਕਾਫ਼ੀ ਮੰਗਾਂ ਬਕਾਇਆ ਹਨ।

Scroll to Top