ਅਬੋਹਰ ਵਿੱਚ ‘ਆਪ’ ਵੱਲੋਂ ਜਾਖੜ ਦੇ ਘਰ ਅੱਗੇ ਮੁਜ਼ਾਹਰਾ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ’ਤੇ ਡਾਕਾ ਮਾਰਨ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਅੱਜ ‘ਆਪ’ ਦੀ ਅਗਵਾਈ ਹੇਠ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਰਿਹਾਇਸ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਦੇ ਪਾਣੀ ਦੀ ਰਾਖੀ ਲਈ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਦਾ ਹੱਕ ਨਹੀਂ ਮਾਰਦਾ ਸਗੋਂ ਪੰਜਾਬ ਵਾਸੀ ਆਪਣੇ ਹੱਕਾਂ ਦੀ ਰਾਖੀ ਲਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ 21 ਮਈ ਤੱਕ ਦੇ ਬਣਦੇ ਆਪਣੇ ਪਾਣੀ ਦੇ ਹਿੱਸੇ ਤੋਂ 3 ਫੀਸਦੀ ਵੱਧ ਅਤੇ ਰਾਜਸਥਾਨ 11 ਫੀਸਦੀ ਵੱਧ ਪਾਣੀ ਲੈ ਚੁੱਕਾ ਹੈ ਜਦ ਕਿ ਪੰਜਾਬ ਨੇ ਆਪਣੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਹੈ ਅਤੇ ਉਸ ਨੂੰ ਹਾਲੇ ਹਿੱਸੇ ਦਾ 89 ਫੀਸਦੀ ਪਾਣੀ ਹੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਧੱਕੇਸ਼ਾਹੀ ਨਾਲ ਹੱਕ ਦਾ ਪਾਣੀ ਲੈਣ ਤੋਂ ਬਾਅਦ ਹੋਰ ਪਾਣੀ ਹਰਿਆਣਾ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਪੰਜਾਬ ਦੇ ਖੇਤ ਸੁੱਕ ਜਾਣਗੇ। ਇਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਹੋਣਾ ਹੈ। ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਜਦ ਦੂਜੇ ਸੂਬੇ ਆਪਣੇ ਹਿੱਸੇ ਦਾ ਪਾਣੀ ਲੈ ਚੁੱਕੇ ਹਨ ਤਾਂ ਫਿਰ ਹੁਣ ਪੰਜਾਬ ਦਾ ਪਾਣੀ ਧੱਕੇ ਨਾਲ ਕਿਉਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਨੇ ਸੂਬਾ ਭਾਜਪਾ ਪ੍ਰਧਾਨ ਦੇ ਘਰ ਬਾਹਰ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਨਾਲ ਖੜ੍ਹਨਾ ਚਾਹੀਦਾ ਹੈ। ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਕਿਹਾ ਕਿ ਪੰਜਾਬ ਕੇਂਦਰ ਦੇ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਅਤੇ ਜਲਾਲਾਬਾਦ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਨੇ ਆਪਣੀ ਤਕਰੀਰ ਵਿਚ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ।

3 thoughts on “ਅਬੋਹਰ ਵਿੱਚ ‘ਆਪ’ ਵੱਲੋਂ ਜਾਖੜ ਦੇ ਘਰ ਅੱਗੇ ਮੁਜ਼ਾਹਰਾ”

  1. Pingback: suzuran168

  2. Pingback: สล็อต

  3. Pingback: essentials fear of god

Comments are closed.

Scroll to Top