ਮੁਹਾਲੀ ਹਲਕੇ ਦੀ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਦੇ ਉਪਰਾਲੇ ਸਦਕਾ ਅੱਜ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਪੰਥਕ ਜਥੇਬੰਦੀਆਂ, ਗੁਰਦੁਆਰਿਆਂ ਦੇ ਪ੍ਰਧਾਨਾਂ ਅਤੇ ਹੋਰਨਾਂ ਆਗੂਆਂ ਦੀ ਇਕੱਤਰਤਾ ਹੋਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਇਸ ਦੀ ਹੂ-ਬ-ਹੂ ਪਾਲਣਾ ਯਕੀਨੀ ਬਣਾਉਣ ਦਾ ਅਹਿਦ ਲਿਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਪੰਥ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਮੰਨਣਾ ਹਰ ਸਿੱਖ ਦਾ ਫ਼ਰਜ਼ ਹੈ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਹੁਕਮਨਾਮੇ ਦੀ ਕਾਨੂੰਨੀ ਅਤੇ ਤਕਨੀਕੀ ਪੱਖ ਤੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਸਬੰਧੀ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਹਮੇਸ਼ਾ ਸੱਤਾ ਅਤੇ ਸੱਚ ਦੀ ਲੜਾਈ ਹੁੰਦੀ ਰਹੀ ਹੈ। ਸੱਤਾ ਹਾਰਦੀ ਹੈ ਅਤੇ ਸੱਚ ਜਿੱਤਦਾ ਹੈ। ਇਸ ਲੜਾਈ ਵਿੱਚ ਵੀ ਸੱਚ ਜਿੱਤੇਗਾ। ਸ਼੍ਰੋਮਣੀ ਕਮੇਟੀ ਮੈਂਬਰਾਂ ਅਮਰਜੀਤ ਸਿੰਘ ਚਾਵਲਾ ਅਤੇ ਅਜਮੇਰ ਸਿੰਘ ਖੇੜਾ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ। ਭਾਜਪਾ ਦੀ ਕੇਂਦਰੀ ਕਮੇਟੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਵੱਡੀ ਚੁਣੌਤੀ ਹੈ, ਜਿਸ ਦਾ ਮਿਲ ਕੇ ਪੂਰੀ ਕੌਮ ਨੂੰ ਸਾਹਮਣਾ ਕਰਨਾ ਪਵੇਗਾ। ਸਾਹਿਤਕਾਰ ਮਨਮੋਹਨ ਸਿੰਘ ਦਾਊਂ ਵੱਲੋ ਪੰਥ ਨੂੰ ਇੱਕਜੁੱਟਤਾ ਦਾ ਸੱਦਾ ਦਿੱਤਾ ਗਿਆ। ਐਡਵੋਕੇਟ ਪਰਮਜੀਤ ਕੌਰ ਲਾਂਡਰਾਂ ਵੱਲੋ ਸਮੂਹ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਖੇੜਾ, ਬੀਬੀ ਕੁਲਦੀਪ ਕੌਰ ਕੰਗ, ਬੀਬੀ ਹਰਜਿੰਦਰ ਕੌਰ ਸੋਹਾਣਾ, ਕਰਮਜੀਤ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਜਸਪਾਲ ਸਿੰਘ, ਭਗਤ ਸਿੰਘ, ਗੁਰਪ੍ਰੀਤ ਸਿੰਘ ਕੰਧੋਲਾ, ਗੁਰਨਾਮ ਸਿੰਘ ਤੇ ਸੇਵਾ ਸਿੰਘ ਸਣੇ ਵੱਡੀ ਗਿਣਤੀ ਪੰਥਕ ਨੁਮਾਇੰਦੇ ਹਾਜ਼ਰ ਸਨ।
